ਤੁਰਕੀ 'ਚ ਐਤਵਾਰ ਨੂੰ ਪ੍ਰਸ਼ਾਸਨ ਨੇ ਪੁਲਿਸ ਅਧਿਕਾਰੀਆਂ, ਫ਼ੌਜੀਆਂ ਅਤੇ ਵਿਦਵਾਨਾਂ ਸਮੇਤ 18,500 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੇ ਆਦੇਸ਼ ਦਿਤੇ ਹਨ।
ਅੰਕਾਰਾ, ਤੁਰਕੀ 'ਚ ਐਤਵਾਰ ਨੂੰ ਪ੍ਰਸ਼ਾਸਨ ਨੇ ਪੁਲਿਸ ਅਧਿਕਾਰੀਆਂ, ਫ਼ੌਜੀਆਂ ਅਤੇ ਵਿਦਵਾਨਾਂ ਸਮੇਤ 18,500 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੇ ਆਦੇਸ਼ ਦਿਤੇ ਹਨ।ਸਰਕਾਰੀ ਗਜਟ 'ਚ ਕਿਹਾ ਗਿਆ ਹੈ ਕਿ ਕੌਮੀ ਸੁਰੱਖਿਆ ਵਿਰੁਧ ਕੰਮ ਕਰਨ ਵਾਲੇ ਅਤਿਵਾਦੀ ਸੰਗਠਨਾਂ ਨਾਲ ਸਬੰਧ ਹੋਣ ਦੇ ਸ਼ੱਕ 'ਚ ਇਕ ਐਮਰਜੈਂਸੀ ਆਦੇਸ਼ ਦੇ ਤਹਿਤ 8998 ਪੁਲਿਸ ਅਧਿਕਾਰੀਆਂ ਅਤੇ 6152 ਫ਼ੌਜੀ ਜਵਾਨਾਂ ਸਮੇਤ 18,632 ਲੋਕਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਥਲ ਸੈਨਾ ਦੇ 3077 ਫ਼ੌਜੀਆਂ ਨੂੰ ਵੀ ਬਰਖ਼ਾਸਤ ਕੀਤਾ ਗਿਆ ਹੈ। ਜਦਕਿ ਹਵਾਈ ਫੌਜ ਦੇ 1949 ਅਤੇ ਜਲ ਸੈਨਾ ਦੇ 1126 ਕਰਮਚਾਰੀਆਂ ਵਿਰੁਧ ਅਜਿਹੀ ਹੀ ਕਾਰਵਾਈ ਕੀਤੀ ਗਈ ਹੈ।ਆਦੇਸ਼ 'ਚ ਕਿਹਾ ਗਿਆ ਕਿ ਕਾਨੂੰਨ ਮੰਤਰਾਲੇ ਅਤੇ ਇਸ ਨਾਲ ਜੁੜੇ ਸੰਗਠਨਾਂ ਵਿਚ 1052 ਸਿਵਲ ਕਰਮਚਾਰੀਆਂ ਨੂੰ ਹਟਾਇਆ ਗਿਆ ਹੈ। ਇਸ ਦੇ ਨਾਲ ਹੀ ਜੇਂਡਾਰਮੇਰੀ ਦੇ 649 ਅਤੇ ਤਟ ਰੱਖਿਅਕ ਬਲਾਂ ਵਿਚ ਤੈਨਾਤ 192 ਲੋਕਾਂ ਨੂੰ ਵੀ ਬਰਖ਼ਾਸਤ ਕੀਤਾ ਗਿਆ ਹੈ। ਨਵੇਂ ਆਦੇਸ਼ ਦੇ ਤਹਿਤ ਪ੍ਰਸ਼ਾਸਨ ਨੇ 199 ਵਿਦਵਾਨਾਂ ਨੂੰ ਵੀ ਬਰਖਾਸਤ ਕਰ ਦਿਤਾ ਹੈ।
ਰਾਸ਼ਟਰਪਤੀ ਰਜ਼ਬ ਤੈਅਬ ਅਦਰੋਗਨ ਦੇ ਤਖ਼ਤਾਪਲਟ ਦੀਆਂ ਜੁਲਾਈ 2016 'ਚ ਹੋਈਆਂ ਕੋਸ਼ਿਸ਼ਾਂ ਦੇ ਬਾਅਦ ਹੀ ਤੁਰਕੀ ਵਿਚ ਐਮਰਜੈਂਸੀ ਲਾਗੂ ਹੈ। ਅਧਿਕਾਰੀਆਂ ਨੇ ਪਹਿਲਾਂ ਹੀ ਸੰਕੇਤ ਦਿਤੇ ਸਨ ਕਿ ਜੁਲਾਈ 2016 ਤੋਂ ਲਾਗੂ ਐਮਰਜੈਂਸੀ ਦੀ ਸਥਿਤੀ ਸੋਮਵਾਰ ਨੂੰ ਖ਼ਤਮ ਹੋ ਸਕਦੀ ਹੈ। ਇਸ ਮਗਰੋਂ ਤੁਰਕੀ 'ਚ ਮੀਡੀਆ ਨੇ ਇਸ ਫਰਮਾਨ ਨੂੰ 'ਆਖਰੀ' ਕਰਾਰ ਦਿਤਾ। ਦੇਸ਼ ਵਿਚ ਦੋ ਸਾਲ ਪਹਿਲਾਂ ਲੱਗੀ ਐਮਰਜੈਂਸੀ ਦੀ ਮਿਆਦ ਨੂੰ 7 ਵਾਰ ਵਧਾਇਆ ਜਾ ਚੁੱਕਾ ਹੈ ਅਤੇ ਇਸ ਦੀ ਮਿਆਦ ਫ਼ਿਲਹਾਲ 19 ਜੁਲਾਈ ਨੂੰ ਖ਼ਤਮ ਹੋ ਰਹੀ ਹੈ। (ਪੀਟੀਆਈ)