
ਡੈਨੀਅਲ ਮਾਰਸ਼ਲ ਨਾਲ ਵਿਆਹ ਤੋਂ ਕੁਝ ਦਿਨ ਬਾਅਦ ਬੱਚੀ ਨੇ ਤੋੜਿਆ ਦਮ
ਨਵੀਂ ਦਿੱਲੀ : ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ 10 ਸਾਲਾ ਐਮਾ ਐਡਵਰਡਸ ਨਾਂ ਦੀ ਲੜਕੀ ਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਹੈ। ਐਮਾ ਦੇ ਦੁਨੀਆਂ ਤੋਂ ਜਾਣ ਤੋਂ 12 ਦਿਨ ਪਹਿਲਾਂ ਉਸ ਦੇ ਮਾਤਾ-ਪਿਤਾ ਨੇ ਉਸ ਦੀ ਇਕ ਇੱਛਾ ਜ਼ਰੂਰ ਪੂਰੀ ਕਰ ਦਿਤੀ ਸੀ। ਐਮਾ ਦੇ ਮਾਤਾ-ਪਿਤਾ ਮੁਤਾਬਕ ਬੇਟੀ ਨੂੰ ਦੁਲਹਨ ਬਣਨ ਦਾ ਬਹੁਤ ਸ਼ੌਕ ਸੀ। ਜਦੋਂ ਡਾਕਟਰਾਂ ਨੇ ਕਿਹਾ ਕਿ ਐਮਾ ਕੁਝ ਹੀ ਦਿਨਾਂ ਦੀ ਮਹਿਮਾਨ ਹੈ ਤਾਂ ਅਸੀਂ ਉਸ ਦੀ ਦੁਲਹਨ ਬਣਨ ਦੀ ਇੱਛਾ ਪੂਰੀ ਕਰ ਦਿਤੀ। ਲੋਕਾਂ ਤੇ ਦੋਸਤਾਂ ਨੇ ਦਿਲ ਖੋਲ੍ਹ ਕੇ ਉਸ ਦੀ ਮਦਦ ਕੀਤੀ। ਹਰ ਕੰਮ ਡੋਨੇਸ਼ਨ ਨਾਲ ਹੋਇਆ।
ਨਿਊਯਾਰਕ ਪੋਸਟ ਦੇ ਅਨੁਸਾਰ, ਐਮਾ ਐਡਵਰਡਸ ਅਤੇ ਡੈਨੀਅਲ ਮਾਰਸ਼ਲ ਕ੍ਰਿਸਟੋਫਰ "ਡੀਜੇ" ਵਿਲੀਅਮਜ਼ ਨੇ 29 ਜੂਨ ਨੂੰ ਇਕ ਵੱਡੇ ਜਸ਼ਨ ਵਿਚ ਵਿਆਹ ਕੀਤਾ। ਐਮਾ ਨੂੰ ਪਿਛਲੇ ਸਾਲ ਅਪ੍ਰੈਲ 'ਚ ਤੀਬਰ ਲਿਮਫੋਬਲਾਸਟਿਕ ਲਿਊਕੇਮੀਆ (ALL) ਦਾ ਪਤਾ ਲੱਗਾ ਸੀ ਪਰ ਉਸ ਦੇ ਮਾਤਾ-ਪਿਤਾ ਅਲੀਨਾ ਅਤੇ ਐਰੋਨ ਐਡਵਰਡਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਬਿਮਾਰੀ ਨੂੰ ਹਰਾ ਦੇਵੇਗੀ। ਹਾਲਾਂਕਿ, ਜੂਨ ਵਿਚ ਪ੍ਰਵਾਰ ਨੂੰ ਦਿਲ ਦਹਿਲਾਉਣ ਵਾਲੀ ਖ਼ਬਰ ਮਿਲੀ ਕਿ ਐਮਾ ਦਾ ਕੈਂਸਰ ਲਾਇਲਾਜ ਹੈ ਅਤੇ ਉਸ ਕੋਲ ਜਿਊਣ ਲਈ ਕੁਝ ਦਿਨ ਹੀ ਬਚੇ ਹਨ।
ਅਲੀਨਾ ਨੇ ਦਸਿਆ ਕਿ ਡੈਨੀਅਲ ਮਾਰਸ਼ਲ ਕ੍ਰਿਸਟੋਫਰ ਵਿਲੀਅਮਜ਼ ਐਮਾ ਦੀ ਕਲਾਸ ਵਿਚ ਉਸ ਦਾ ਸਭ ਤੋਂ ਵਧੀਆ ਦੋਸਤ ਸੀ। ਅਸੀਂ ਉਸ ਨੂੰ ਪਿਆਰ ਨਾਲ 'ਡੀਜੇ' ਕਹਿੰਦੇ ਹਾਂ। ਐਮਾ ਅਕਸਰ ਕਹਿੰਦੀ ਸੀ ਕਿ ਉਹ ਦੁਲਹਨ ਬਣਨਾ ਚਾਹੁੰਦੀ ਹੈ। ਡੀਜੇ ਦੇ ਪ੍ਰਵਾਰ ਨਾਲ ਵੀ ਸਾਡੇ ਬਹੁਤ ਚੰਗੇ ਸਬੰਧ ਹਨ। ਐਮਾ ਸਕੂਲ 'ਚ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪ੍ਰਸ਼ਾਸਨ ਨੇ ਇਸ ਦੀ ਮਨਜ਼ੂਰੀ ਨਹੀਂ ਦਿਤੀ।
ਦੋਵਾਂ ਪ੍ਰਵਾਰਾਂ ਨੇ ਐਮਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਫਰਜ਼ੀ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਤੈਅ ਕੀਤਾ ਸੀ ਕਿ ਜੋ ਮਰਜ਼ੀ ਕਰਨਾ ਪਵੇ, ਹਰ ਹਾਲਤ 'ਚ 2 ਦਿਨਾਂ ਵਿਚ ਇਹ ਵਿਆਹ ਕਰਨਾ ਹੈ। ਇਕ ਬਾਗ ਵਿਚ ਵਿਆਹ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ। 100 ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿਤਾ ਗਿਆ ਸੀ। ਅਲੀਨਾ ਦੇ ਅਨੁਸਾਰ, ਇਕ ਦੋਸਤ ਨੇ ਬਾਈਬਲ ਦਾ ਕੁਝ ਹਿੱਸਾ ਪੜ੍ਹਿਆ। ਡੀਜੇ ਇਸ ਸੰਸਾਰ ਵਿਚ ਸਭ ਤੋਂ ਸੁੰਦਰ ਅਤੇ ਦਿਆਲੂ ਦਿਲ ਵਾਲਾ ਬੱਚਾ ਹੈ। ਉਹ ਸੱਚਮੁੱਚ ਆਪਣੇ ਦੋਸਤ ਨੂੰ ਬਹੁਤ ਪਿਆਰ ਕਰਦਾ ਹੈ।