
ਅਰਬਪਤੀ ਅਤੇ ਬਿਜਲਈ ਕਾਰ ਕੰਪਨੀ ਟੇਸਲਾ ਦੇ ਮਾਲਕ ਇਲੋਨ ਮਸਕ ਇਕ ਇੰਟਰਵਿਊ 'ਚ ਗਾਂਜਾ ਅਤੇ ਸ਼ਰਾਬ ਪੀਂਦੇ ਨਜ਼ਰ ਆਏ............
ਕੈਲੇਫ਼ੋਰਨੀਆ : ਅਰਬਪਤੀ ਅਤੇ ਬਿਜਲਈ ਕਾਰ ਕੰਪਨੀ ਟੇਸਲਾ ਦੇ ਮਾਲਕ ਇਲੋਨ ਮਸਕ ਇਕ ਇੰਟਰਵਿਊ 'ਚ ਗਾਂਜਾ ਅਤੇ ਸ਼ਰਾਬ ਪੀਂਦੇ ਨਜ਼ਰ ਆਏ। ਇਸ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਮੇਡੀਅਨ ਜੋ ਰੋਗਨ ਨਾਲ ਉਨ੍ਹਾਂ ਦੇ ਵੈੱਬ ਸ਼ੋਅ ਦੇ ਢਾਈ ਘੰਟੇ ਲੰਬੇ ਬ੍ਰਾਡਕਾਸਟ ਦੌਰਾਨ ਮਸਕ ਨੇ ਗਾਂਜਾ ਤੇ ਤਮਾਕੂ ਮਿਲਾ ਕੇ ਪੀਤਾ। ਇਸ ਦੌਰਾਨ ਦੋਵਾਂ ਨੇ ਵਿਸਕੀ ਵੀ ਪੀਤੀ। ਇਸ ਇੰਟਰਵਿਊ ਦੌਰਾਨ ਮਸਕ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਸੋਸ਼ਲ ਮੀਡੀਆ ਸਮੇਤ ਕਈ ਚੀਜ਼ਾਂ 'ਤੇ ਵੀ ਗੱਲ ਕੀਤੀ।
ਗਾਂਜਾ ਪੀਣ 'ਤੇ ਉਨ੍ਹਾਂ ਕਿਹਾ ਕਿ ਉਹ ਕਦੇ-ਕਦੇ ਹੀ ਇਸ ਦਾ ਸੇਵਨ ਕਰਦੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਉਤਪਾਦਕਤਾ 'ਤੇ ਅਸਰ ਪੈਂਦਾ ਹੈ।
ਜਿਸ ਜਗ੍ਹਾ ਇਹ ਇੰਟਰਵਿਊ ਹੋਈ, ਉਹ ਕੈਲੇਫ਼ੋਰਨੀਆ ਹੈ ਅਤੇ ਇੱਥੋਂ ਗਾਂਜਾ ਪੀਣ 'ਤੇ ਰੋਕ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗਾਂਜੇ ਨੂੰ ਕਾਨੂੰਨੀ ਰੂਪ ਦੇਣ ਦੀ ਮੰਗ ਸਬੰਧੀ ਪ੍ਰਦਰਸ਼ਨ ਵੀ ਹੋ ਰਹੇ ਹਨ। ਜਾਣਕਾਰੀ ਮੁਤਾਬਕ ਵੀਡੀਉ ਵਾਇਰਲ ਹੋਣ ਤੋਂ ਬਾਅਦ ਟੇਸਲਾ ਕੰਪਨੀ ਦੇ ਸ਼ੇਅਰ 1.4 ਫ਼ੀ ਸਦੀ ਡਿੱਗ ਗਏ। ਇੰਟਰਵਿਊ ਦੌਰਾਨ ਮਸਕ ਨੇ ਟੇਸਲਾ ਬਾਰੇ ਦਸਿਆ ਕਿ ਇਕ ਕਾਰ ਕੰਪਨੀ ਨੂੰ ਬਣਾ ਕੇ ਰੱਖਣਾ ਬਹੁਤ ਮੁਸ਼ਕਲ ਹੈ ਅਤੇ ਇਹ ਉਨ੍ਹਾਂ ਦੇ ਜੀਵਨ ਦੇ ਸੱਭ ਤੋਂ ਮੁਸ਼ਕਲ ਕੰਮਾਂ 'ਚੋਂ ਇਕ ਹੈ। (ਏਜੰਸੀ)