
ਭਾਰਤ ਨੇ ਦੋਨਾਂ ਥਾਵਾਂ 'ਤੇ ਬੈਰੀਅਰ ਲਗਾਉਣੇ ਕੀਤੇ ਸ਼ੁਰੂ
ਟੋਰਾਂਟੋ- ਕੈਨੇਡਾ ਵਿਚ ਮੰਦਿਰਾਂ 'ਤੇ ਹੋ ਰਹੇ ਲਗਾਤਾਰ ਹਮਲੇ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਕਾਰਨ ਉੱਥੇ ਰਹਿ ਰਹੇ ਕਰੀਬ 12 ਲੱਖ ਭਾਰਤੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪਰ ਹੁਣ ਕੈਨੇਡਾ ਵਿਚ ਗਰਮਖਿਆਲੀ ਦੀ ਫੰਡਿੰਗ ਦੇ ਰਸਤੇ ਨੂੰ ਰੋਕਣ ਦੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ। ਭਾਰਤ ਨੇ ਕੈਨੇਡਾ ਵਿਚ ਮੰਦਰਾਂ 'ਤੇ ਹਮਲਿਆਂ ਅਤੇ ਗਰਮਖਿਆਲੀਆਂ ਵੱਲੋਂ ਕੀਤੇ ਪ੍ਰਚਾਰ ਦੀਆਂ ਵਧਦੀਆਂ ਘਟਨਾਵਾਂ ਦੇ ਖਿਲਾਫ਼ ਕੂਟਨੀਤਕ ਲਾਭ ਉਠਾਇਆ ਹੈ। ਭਾਰਤ ਨੇ ਕੈਨੇਡੀਅਨ ਸਰਕਾਰ ਦੇ ਸਾਹਮਣੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਹਵਾਲਾ ਦਿੰਦੇ ਹੋਏ ਅਪਣਾ ਪੱਖ ਰੱਖਿਆ ਹੈ।
ਐਨਆਈਏ ਦੀ ਰਿਪੋਰਟ ਵੀ ਸਬੂਤ ਵਜੋਂ ਪੇਸ਼ ਕੀਤੀ ਗਈ। ਇਸ ਵਿਚ ਕੈਨੇਡਾ ਵਿਚ ਗਰਮਖਿਆਲੀ ਨੈੱਟਵਰਕ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖ਼ਤਰਾ ਦੱਸਿਆ ਗਿਆ ਸੀ। ਦੱਸ ਦਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ 'ਚ ਸਥਿਤ ਦੁਰਗਾ ਦੇਵੀ ਦੇ ਮੰਦਰ 'ਤੇ ਵੀਰਵਾਰ ਨੂੰ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਮੰਦਰ ਪ੍ਰਸ਼ਾਸਨ ਨੇ ਇਸ ਦੀ ਵੀਡੀਓ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਹੈ।
ਮੰਦਰ 'ਤੇ ਨਾਅਰੇ ਲਿਖੇ ਜਾਣ ਦੀ ਘਟਨਾ ਵੈਨਕੂਵਰ 'ਚ ਪ੍ਰਸਤਾਵਿਤ ਕਥਿਤ ਰਾਏਸ਼ੁਮਾਰੀ ਤੋਂ ਪਹਿਲਾਂ ਵਾਪਰੀ ਸੀ। ਇਸ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ ਲਕਸ਼ਮੀਨਾਰਾਇਣ ਮੰਦਰ 'ਤੇ ਇਤਰਾਜ਼ਯੋਗ ਨਾਅਰੇ ਲਿਖੇ ਜਾਣ ਦੀ ਘਟਨਾ ਵਾਪਰ ਚੁੱਕੀ ਹੈ। ਇੱਥੇ ਵਾਪਰ ਚੁੱਕੀਆਂ ਨੇ ਘਟਨਾਵਾਂ: ਜਨਵਰੀ, ਫਰਵਰੀ ਵਿਚ ਬਰੈਂਪਟਨ, ਓਨਟਾਰੀਓ ਵਿਚ ਗੌਰੀ ਸ਼ੰਕਰ ਮੰਦਰ ਅਪ੍ਰੈਲ ਵਿਚ ਮਿਸੀਸੂ ਆਗਾ ਵਿਚ ਰਾਮ ਮੰਦਰ ਅਤੇ ਓਨਟਾਰੀਓ ਵਿਚ ਸਵਾਮੀਨਾਰਾਇਣ ਮੰਦਰ ਉੱਤੇ ਹਮਲਾ ਹੋ ਚੁੱਕਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਪਹੁੰਚੇ ਬ੍ਰਿਟਿਸ਼ PM ਰਿਸ਼ੀ ਸੁਨਕ ਨੇ ਵੀ ਕੱਟੜਵਾਦੀ ਸਮਰਥਕਾਂ ਦੀਆਂ ਗਤੀਵਿਧੀਆਂ 'ਤੇ ਬਿਆਨ ਦਿੱਤਾ ਸੀ। ਰਿਸ਼ੀ ਸੁਨਕ ਨੇ ਕਿਹਾ ਸੀ ਬਰਤਾਨੀਆ ਵਿੱਚ ਕੱਟੜਪੰਥੀ ਪ੍ਰਵਾਨ ਨਹੀਂ ਹੈ। ਕੱਟੜਵਾਦ ਨਾਲ ਨਜਿੱਠਣ ਲਈ, ਬ੍ਰਿਟੇਨ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਹਾਲ ਹੀ ਵਿਚ, ਭਾਰਤ ਨੇ ਕੈਨੇਡਾ ਸਰਕਾਰ ਕੋਲ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੇ ਪ੍ਰਬੰਧਾਂ ਦੇ ਤਹਿਤ ਫੰਡਿੰਗ ਦਾ ਮੁੱਦਾ ਵੀ ਉਠਾਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਫੰਡਿੰਗ ਦਾ ਧੁਰਾ ਬਣਿਆ ਹੋਇਆ ਹੈ। ਇੱਥੇ ਦੋ ਤਰ੍ਹਾਂ ਦੇ ਫੰਡ ਆਉਂਦੇ ਹਨ।
ਪਹਿਲਾ, ਅਮਰੀਕਾ ਤੋਂ ਆ ਰਹੀ ਫੰਡਿੰਗ ਅਤੇ ਦੂਸਰਾ, ਕੈਨੇਡਾ, ਭਾਰਤ ਵਿਚ ਕੱਟੜਵਾਦੀਆਂ ਵੱਲੋਂ ਜਮ੍ਹਾ ਕਰਵਾਏ ਫੰਡ, ਦੋਵਾਂ ਸਰੋਤਾਂ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕਾ 'ਚ ਵੀ ਕੱਟੜਵਾ ਫੰਡਿੰਗ ਸਰੋਤਾਂ 'ਤੇ ਪਾਬੰਦੀ ਹੋਵੇਗੀ।