
ਪ੍ਰਦਰਸ਼ਨਕਾਰੀਆਂ ਨੇ ਨੇਪਾਲੀ ਕਾਂਗਰਸ ਪਾਰਟੀ ਦਫਤਰ ਵਿੱਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼
ਨੇਪਾਲ: ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਇੱਕ ਵਾਰ ਫਿਰ ਸਥਿਤੀ ਤਣਾਅਪੂਰਨ ਬਣ ਗਈ ਹੈ, ਪ੍ਰਦਰਸ਼ਨਕਾਰੀਆਂ ਨੇ ਬਾਲਖੂ ਖੇਤਰ ਵਿੱਚ ਨੇਪਾਲੀ ਕਾਂਗਰਸ ਨੇਪਾਲ ਪਾਰਟੀ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 3 ਮੰਤਰੀਆਂ ਵੱਲੋਂ ਅਸਤੀਫਾ ਦੇਣ ਦੀ ਵੀ ਖਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ ਸ਼ਹਿਰ ਭਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਨੇਪਾਲ ਵਿੱਚ Gen-Z ਅੰਦੋਲਨ ਦੀ ਅਗਵਾਈ ਇੱਕ ਅਜਿਹੇ ਚਿਹਰੇ ਨੇ ਕੀਤੀ ਸੀ, ਜਿਸ ਨੇ ਵਿਦਿਆਰਥੀਆਂ ਨੂੰ ਦੱਸਿਆ ਸੀ ਕਿ ਇਹ ਸਰਕਾਰ ‘ਨੇਪੋ ਬੇਬੀਜ਼’ ਅਤੇ ‘ਰਾਜਨੀਤਿਕ ਕੁਲੀਨ ਵਰਗ’ ਲਈ ਕੰਮ ਕਰਦੀ ਹੈ। ਹਾਮੀ ਨੇਪਾਲ ਨਾਮਕ ਇੱਕ ਐਨਜੀਓ ਦੇ ਸੰਸਥਾਪਕ ਸੁਡਾਨ ਗੁਰੂੰਗ ਨੇ 8 ਸਤੰਬਰ ਨੂੰ ਰੈਲੀ ਲਈ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਭਰਾਵੋ ਅਤੇ ਭੈਣੋ, 8 ਸਤੰਬਰ ਸਿਰਫ ਦੂਜਾ ਦਿਨ ਹੀ ਨਹੀਂ ਹੈ, ਇਹ ਉਹ ਦਿਨ ਹੈ ਜਦੋਂ ਨੇਪਾਲ ਦੇ ਨੌਜਵਾਨ ਉੱਠਣਗੇ ਅਤੇ ਕਹਿਣਗੇ ਬਸ ਬਹੁਤ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਨੇਪਾਲੀ ਵਿਦਿਆਰਥੀ ‘ਇਨਕਲਾਬ’ ਦੇ ਸੱਦੇ ’ਤੇ ਦੇਸ਼ ਭਰ ਦੇ ਵੱਡੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਉਤਰ ਆਏ।
ਨੇਪਾਲ ਦਾ ਨੌਜਵਾਨ ਪਹਿਲਾਂ ਹੀ ਭ੍ਰਿਸ਼ਟਾਚਾਰ, ਆਰਥਿਕ ਅਸਮਾਨਤਾ ਅਤੇ ਮਾੜੇ ਸ਼ਾਸਨ ਵਿਰੁੱਧ ਸੜ ਰਿਹਾ ਸੀ। ਪਰ ਜਦੋਂ ਸਰਕਾਰ ਨੇ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ, ਤਾਂ ਇਹ ਨੌਜਵਾਨ ਜੋ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਆਪਣੇ ਸੁਪਨਿਆਂ ਨੂੰ ਬੁਣ ਰਹੇ ਸਨ, ਤਾਂ ਉਹ ਸੜਕਾਂ ’ਤੇ ਆ ਗਏ। ਕੁਝ ਹੀ ਸਮੇਂ ਵਿੱਚ, ਨੇਪਾਲ ਦੇ ਵੱਡੇ ਸ਼ਹਿਰਾਂ ਦੀਆਂ ਗਲੀਆਂ ਜੰਗ ਦਾ ਮੈਦਾਨ ਬਣ ਗਈਆਂ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕਈ ਲੋਕ ਮਾਰੇ ਗਏ।