
ਜੀਪੀਐਸ ਵਿੱਚ ਗਲਤ ਪਤਾ ਸੈੱਟ ਪਾਉਣ ਨਾਲ ਵਾਪਰੀ ਘਟਨਾ
ਸਕੂਲ ਬੱਸ ਦੇ ਡਰਾਈਵਰ ਦੀ ਗਲਤੀ ਕਾਰਨ ਹੜਕੰਪ ਮਚ ਗਿਆ। ਉਸ ਨੇ ਜੀਪੀਐਸ ਵਿੱਚ ਗਲਤ ਪਤਾ ਸੈੱਟ ਕਰ ਦਿੱਤਾ। ਜਿਸ ਕਾਰਨ ਉਹ ਬੱਚਿਆਂ ਨਾਲ ਭਰੀ ਸਕੂਲੀ ਬੱਸ ਲੈ ਕੇ ਦੂਜੇ ਸੂਬੇ ਵਿਚ ਚਲਾ ਗਿਆ। ਇਸ ਬਾਰੇ ਜਦੋਂ ਮਾਪਿਆਂ ਨੂੰ ਪਤਾ ਲੱਗਾ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਹ ਅਮਰੀਕਾ ਦਾ ਮਾਮਲਾ ਹੈ।
ਖਬਰਾਂ ਮੁਤਾਬਿਕ ਆਈਲੈਂਡ ਸੂਬੇ 'ਚ ਬੱਸ ਰੋਜ਼ਾਨਾ ਦੀ ਤਰ੍ਹਾਂ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਡਰਾਈਵਰ ਨੇ ਨਕਸ਼ੇ 'ਤੇ ਗਲਤ ਸਥਾਨ ਭਰ ਦਿੱਤਾ। ਜਿਸ ਕਾਰਨ ਉਹ ਬੱਚਿਆਂ ਨਾਲ ਰ੍ਹੋਡ ਆਈਲੈਂਡ ਰਾਜ ਤੋਂ ਕਰੀਬ 50 ਕਿਲੋਮੀਟਰ ਦੂਰ ਕਨੈਕਟੀਕਟ ਰਾਜ ਪਹੁੰਚ ਗਿਆ। ਇਸ ਦੌਰਾਨ ਰਸਤੇ 'ਚ ਜਦੋਂ ਬੱਚਿਆਂ ਨੂੰ ਪਤਾ ਲੱਗਾ ਕਿ ਉਹ ਗਲਤ ਰਸਤੇ 'ਤੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਸੂਚਨਾ ਦਿੱਤੀ।
ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਮੋਬਾਈਲ ਤੋਂ ਰਸਤੇ ਦੀਆਂ ਤਸਵੀਰਾਂ ਅਤੇ ਵੀਡੀਓ ਭੇਜਣੇ ਸ਼ੁਰੂ ਕਰ ਦਿੱਤੇ। ਇਹ ਜਾਣ ਕੇ ਮਾਪਿਆਂ ਦੇ ਹੋਸ਼ ਉੱਡ ਗਏ। ਉਹਨਾਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।ਇਸ ਦਾ ਪਤਾ ਲੱਗਦਿਆਂ ਹੀ ਦੋਵਾਂ ਰਾਜਾਂ ਦੀ ਪੁਲਿਸ ਸਰਗਰਮ ਹੋ ਗਈ ਅਤੇ ਕਨੈਕਟੀਕਟ ਰਾਜ ਦੀ ਪੁਲਿਸ ਨੇ ਕੁਝ ਹੀ ਦੇਰ ਵਿੱਚ ਬੱਸ ਦਾ ਪਤਾ ਲਗਾ ਲਿਆ। ਪੁਲਿਸ ਵਿਭਾਗ ਵੱਲੋਂ ਦੱਸਿਆ ਗਿਆ ਕਿ ਡਰਾਈਵਰ ਨੇ ਨਕਸ਼ੇ ਵਿੱਚ ਸਹੀ ਗਲੀ ਤਾਂ ਲਿਖੀ ਸੀ, ਪਰ ਸ਼ਹਿਰ ਦਾ ਨਾਂ ਗਲਤ ਪਾ ਦਿੱਤਾ ਸੀ। ਇਸ ਲਈ ਉਹ ਕਿਸੇ ਹੋਰ ਸੂਬੇ ਵਿੱਚ ਪਹੁੰਚ ਗਿਆ।
ਪੁਲਿਸ ਨੇ ਕਿਹਾ ਕਿ ਬੱਚਿਆਂ ਨੂੰ ਕੋਈ ਖ਼ਤਰਾ ਨਹੀਂ ਸੀ ਅਤੇ ਨਾ ਹੀ ਘਟਨਾ ਅਗਵਾ ਨਾਲ ਸਬੰਧਤ ਸੀ। ਇਸ ਦੇ ਨਾਲ ਹੀ ਕੁਝ ਬੱਚਿਆਂ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਉਹ ਰਸਤੇ ਵਿੱਚ ਰੌਲਾ ਪਾ ਰਹੇ ਸਨ ਕਿ ਬੱਸ ਨੂੰ ਰੋਕਿਆ ਜਾਵੇ ਪਰ ਡਰਾਈਵਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸ ਘਟਨਾ ਕਾਰਨ ਉਸ ਨੂੰ ਸਕੂਲ ਪਹੁੰਚਣ ਵਿੱਚ ਵੀ ਦੇਰੀ ਹੋ ਗਈ।
ਸੋਸ਼ਲ ਮੀਡੀਆ 'ਤੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੁਝ ਨੇ ਡਰਾਈਵਰ ਨੂੰ ਇਸ ਗਲਤੀ ਲਈ ਮੁਆਫ ਕਰਨ ਦੀ ਅਪੀਲ ਕੀਤੀ, ਜਦੋਂ ਕਿ ਕੁਝ ਨੇ ਲਾਪਰਵਾਹੀ ਲਈ ਉਸ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਕਿਹਾ ਕਿ ਇਕ ਪਲ ਲਈ ਉਨ੍ਹਾਂ ਮਾਪਿਆਂ ਬਾਰੇ ਸੋਚੋ, ਜਿਨ੍ਹਾਂ ਦੇ ਬੱਚੇ ਸਕੂਲ ਬੱਸ 'ਚ ਫਸ ਗਏ ਸਨ।