
97 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦੇ ਵੱਡੇ ਭਰਾ ਗਯਾਲੋ ਥੋਂਡੁਪ ਦਾ ਐਤਵਾਰ ਨੂੰ ਪੱਛਮੀ ਬੰਗਾਲ ਦੇ ਕਲਿਮਪੋਂਗ ਵਿੱਚ ਦਿਹਾਂਤ ਹੋ ਗਿਆ। ਉਹ 97 ਸਾਲਾਂ ਦੇ ਸਨ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਬੈੱਡ 'ਤੇ ਸਨ। ਪਿਛਲੇ ਦੋ ਹਫ਼ਤਿਆਂ ਤੋਂ ਮੰਜੇ 'ਤੇ ਪਏ ਥੌਂਡਪ ਨੇ ਸ਼ਨੀਵਾਰ ਦੁਪਹਿਰ ਨੂੰ ਆਪਣੇ ਬੇਟੇ ਅਤੇ ਪੋਤੀ ਦੀ ਮੌਜੂਦਗੀ 'ਚ ਆਖ਼ਰੀ ਸਾਹ ਲਏ।
ਅਧਿਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ 11 ਫ਼ਰਵਰੀ ਨੂੰ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ। ਦੱਸ ਦੇਈਏ ਕਿ ਗਯਾਲੋ ਥੋਂਡੁਪ ਦਲਾਈ ਲਾਮਾ ਦੇ ਛੇ ਭੈਣ-ਭਰਾਵਾਂ ਵਿੱਚੋਂ ਇੱਕ ਸਨ।
ਉਹ 1952 ਵਿੱਚ ਕਲਿਮਪੋਂਗ ਵਿੱਚ ਵਸ ਗਏ, ਪਰ ਤਿੱਬਤ ਅਤੇ ਧਰਮਸ਼ਾਲਾ ਸਮੇਤ ਹੋਰ ਥਾਵਾਂ ਦੀ ਯਾਤਰਾ ਕਰਦੇ ਰਹੇ। ਉਨ੍ਹਾਂ ਨੇ ਤਿੱਬਤੀ ਮੁੱਦੇ 'ਤੇ ਅਮਰੀਕਾ ਅਤੇ ਹੋਰ ਵਿਦੇਸ਼ੀ ਸਰਕਾਰਾਂ ਦੀ ਲਾਬਿੰਗ ਕੀਤੀ ਅਤੇ ਹਮੇਸ਼ਾ ਤਿੱਬਤੀ ਲੋਕਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ।