
ਡਰਾਈਵਰ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ , ਪੁਲਿਸ ਨੇ ਮੁਲਜ਼ਮ ਹਨੀਫ਼ ਲੇਘਾਰੀ ਨੂੰ ਕੀਤਾ ਗ੍ਰਿਫ਼ਤਾਰ
ਇਸਲਾਮਾਬਾਦ : ਪਾਕਿਸਤਾਨ ਦੇ ਹੈਦਰਾਬਾਦ ਵਿੱਚ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਹਿੰਦੂ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ। 60 ਸਾਲਾ ਡਾ. ਧਰਮ ਦੇਵ ਰਾਠੀ ਚਮੜੀ ਦੇ ਮਾਹਰ ਸਨ। ਉਸ ਦਾ ਕਤਲ ਉਸ ਦੇ ਡਰਾਈਵਰ ਹਨੀਫ਼ ਲੇਘਾਰੀ ਨੇ ਕੀਤਾ ਸੀ ਜੋ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਿਆ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਅਤੇ ਕਤਲ ਦੇ ਅਸਲ ਕਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।
ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਡਾਕਟਰ ਧਰਮ ਦੇਵ ਨੇ ਆਪਣੇ ਦੋਸਤਾਂ ਨਾਲ ਹੋਲੀ ਮਨਾਈ ਸੀ। ਇਸ ਤੋਂ ਉਸ ਦਾ ਡਰਾਈਵਰ ਹਨੀਫ ਗੁੱਸੇ 'ਚ ਆ ਗਿਆ ਅਤੇ ਉਸ ਨੇ ਘਰ ਵਾਪਸ ਆਉਣ 'ਤੇ ਡਾਕਟਰ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਡਾਕਟਰ ਰਾਠੀ ਪਾਕਿਸਤਾਨ ਵਿੱਚ ਹੈਦਰਾਬਾਦ ਦੀ ਸਿਟੀਜ਼ਨ ਕਲੋਨੀ ਵਿੱਚ ਰਹਿੰਦਾ ਸੀ। ਘਟਨਾ ਸਮੇਂ ਰਸੋਈ 'ਚ ਉਸ ਦਾ ਰਸੋਈਆ ਦਲੀਪ ਠਾਕੁਰ ਵੀ ਮੌਜੂਦ ਸੀ। ਹਾਲਾਂਕਿ ਜਦੋਂ ਹਨੀਫ ਨੇ ਡਾਕਟਰ ਨੂੰ ਮਾਰਿਆ ਤਾਂ ਉਹ ਉਸ ਕਮਰੇ 'ਚ ਨਹੀਂ ਸੀ। ਬਾਅਦ ਵਿਚ ਉਹ ਉਸ ਕਮਰੇ ਵਿਚ ਪਹੁੰਚਿਆ ਅਤੇ ਫਿਰ ਪੁਲਿਸ ਨੂੰ ਬੁਲਾਇਆ।
ਐਸਐਸਪੀ ਅਮਜਦ ਸ਼ੇਖ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਨੀਫ਼ ਦੀ ਭਾਲ ਕੀਤੀ ਜਾ ਰਹੀ ਹੈ। ਕੁੱਕ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਡਾ. ਰਾਠੀ ਹੋਲੀ ਮਨਾਉਣ ਤੋਂ ਬਾਅਦ ਘਰ ਪਰਤਿਆ ਤਾਂ ਹਨੀਫ਼ ਨੇ ਕਾਫ਼ੀ ਦੇਰ ਤੱਕ ਉਸ ਨਾਲ ਬਹਿਸ ਕੀਤੀ।
ਸਥਾਨਕ ਮੀਡੀਆ ਮੁਤਾਬਕ ਡਾ. ਰਾਠੀ ਦੇ ਕਤਲ ਪਿੱਛੇ ਅਸਲ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਉਸ ਦੇ ਡਰਾਈਵਰ ਹਨੀਫ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਡਾਕਟਰ ਰਾਠੀ ਆਪਣੇ ਘਰ ਵਿੱਚ ਇਕੱਲੇ ਰਹਿੰਦੇ ਸਨ। ਉਸ ਦੇ ਦੋ ਨੌਕਰ ਅਤੇ ਇੱਕ ਡਰਾਈਵਰ ਸੀ। ਉਹ ਦੋ ਸਾਲ ਪਹਿਲਾਂ ਸਿਹਤ ਵਿਭਾਗ ਦੇ ਸੀਨੀਅਰ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਸ ਦੀ ਪਤਨੀ ਅਤੇ ਬੱਚੇ ਅਮਰੀਕਾ ਵਿੱਚ ਰਹਿੰਦੇ ਹਨ। ਰਾਠੀ ਵੀ ਕੁਝ ਦਿਨਾਂ ਬਾਅਦ ਉੱਥੇ ਸ਼ਿਫਟ ਹੋਣ ਵਾਲੇ ਸਨ। ਡਾ: ਰਾਠੀ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਮੈਡੀਕਲ ਕੈਂਪ ਲਗਾ ਕੇ ਚਮੜੀ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਕਰਦੇ ਸਨ। ਸਿੰਧ ਸਰਕਾਰ ਨੇ ਉਨ੍ਹਾਂ ਨੂੰ ਐਵਾਰਡ ਵੀ ਦਿੱਤਾ ਸੀ।