
ਉੱਚ ਅਹੁਦਿਆਂ 'ਤੇ ਰਾਖਵਾਂਕਰਨ ਘਟਾ ਕੇ 10 ਫ਼ੀ ਸਦੀ ਕਰਨ ਦੀ ਮੰਗ
ਦੇਸ਼ ਦੇ ਕਈ ਕਾਲਜਾਂ 'ਚ ਝੜਪਾਂ ਮਗਰੋਂ ਅੱਜ ਹਜ਼ਾਰਾਂ ਵਿਦਿਆਰਥੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ। ਕਾਲਜਾਂ 'ਚ ਹੋਈਆਂ ਝੜਪਾਂ 'ਚ ਘੱਟੋ-ਘੱਟ 100 ਲੋਕ ਜ਼ਖ਼ਮੀ ਹੋਏ ਹਨ। ਸਰਕਾਰੀ ਨੌਕਰੀਆਂ 'ਚ ਵਿਸ਼ੇਸ਼ ਸੰਗਠਨ ਦੇ ਪੱਖ 'ਚ ਭੇਦਭਾਵ ਦਾ ਦੋਸ਼ ਲਗਾਉਂਦਿਆਂ ਵਿਦਿਆਰਥੀਆਂ ਨੇ ਸੰਘਰਸ਼ ਕੀਤਾ। ਉਨ੍ਹਾਂ ਨੂੰ ਧਰਨੇ ਤੋਂ ਰੋਕਣ ਲਈ ਪੁਲਿਸ ਨੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ। ਬੰਗਲਾਦੇਸ਼ 'ਚ ਲਗਭਗ ਇਕ ਦਹਾਕੇ ਤੋਂ ਸੱਤਾਧਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਿਹੜੇ ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਹੈ, ਇਹ ਉਨ੍ਹਾਂ 'ਚੋਂ ਇਕ ਹੈ।ਪੁਲਿਸ ਅਤੇ ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਚਟਗਾਉਂ, ਖੁਲਨਾ, ਰਾਜਸ਼ਾਹੀ, ਬਾਰੀਸਾਲ, ਰੰਗਪੁਰ, ਸਿਲਹਟ ਅਤੇ ਸਾਵਾਰ 'ਚ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰ ਕੇ ਧਰਨਾ ਦਿਤਾ। ਐਤਵਾਰ ਰਾਤ ਤੋਂ ਸ਼ੁਰੂ ਹੋਈਆਂ ਝੜਪਾਂ ਸੋਮਵਾਰ ਤੜਕੇ ਤਕ ਜਾਰੀ ਸਨ ਅਤੇ ਢਾਕਾ ਯੂਨੀਵਰਸਟੀ ਜੰਗੀ ਮੈਦਾਨ ਬਣਿਆ ਹੋਇਆ ਸੀ।
Protest
ਪੁਲਿਸ ਅਧਿਕਾਰੀ ਬੱਚੂ ਮਿਆਂ ਨੇ ਦਸਿਆ ਕਿ ਲਗਭਗ 100 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਿੰਸਾ ਫੈਲਾਉਣ ਦੇ ਦੋਸ਼ 'ਚ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੇ ਇਕ ਨੇਤਾ ਹਸਨ ਅਲ ਮਾਮੂਨ ਨੇ ਦਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਉੱਚ ਅਹੁਦਿਆਂ 'ਤੇ ਨੌਕਰੀਆਂ ਲਈ ਰਾਖਵੇਂਕਰਨ ਨੂੰ ਘੱਟ ਕਰ ਕੇ 10 ਫ਼ੀ ਸਦੀ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਇਸ ਸਮੇਂ ਰਾਖਵਾਂਕਰਨ ਵਿਵਸਥਾ ਕਾਰਨ 56 ਫ਼ੀ ਸਦੀ ਨੌਕਰੀਆਂ ਦੇਸ਼ ਦੀ ਆਬਾਦੀ ਦੇ 5 ਫ਼ੀ ਸਦੀ ਲੋਕਾਂ ਲਈ ਰੱਖ ਦਿਤੀ ਜਾਂਦੀ ਹੈ। (ਪੀਟੀਆਈ)