
ਟਰੰਪ ਨੇ ਵਿਅਕਤੀਗਤ ਔਰਤਾਂ ਦੁਆਰਾ ਆਪਣੇ 'ਤੇ ਲਗਾਏ ਜਿਨਸੀ ਸ਼ੋਸ਼ਣ ਅਤੇ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਨੂੰ ਲਗਾਤਾਰ ਨਕਾਰਿਆ ਹੈ
ਨਿਊਯਾਰਕ - ਅਮਰੀਕਾ ਵਿਚ ਮੈਨਹਟਨ ਦੀ ਇੱਕ ਸੰਘੀ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ 1996 ਵਿਚ ਕਾਲਮਨਵੀਸ ਈ. ਜੀਨ ਕੈਰੋਲ ਨਾਲ ਜਿਨਸੀ ਸ਼ੋਸ਼ਣ ਅਤੇ ਬਦਨਾਮ ਕਰਨ ਦਾ ਦੋਸ਼ੀ ਪਾਇਆ ਹੈ। ਅਦਾਲਤ ਨੇ ਟਰੰਪ ਨੂੰ 5 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ।
ਅਦਾਲਤ ਦਾ ਫੈਸਲਾ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਟਰੰਪ ਦੀ ਬੋਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹਾਲਾਂਕਿ, ਅਦਾਲਤ ਨੇ ਕਿਹਾ ਕਿ ਕੈਰਲ ਇਹ ਸਾਬਤ ਕਰਨ ਵਿਚ ਅਸਫਲ ਰਹੀ ਹੈ ਕਿ ਟਰੰਪ ਨੇ ਉਸ ਨਾਲ ਬਲਾਤਕਾਰ ਕੀਤਾ ਸੀ।
ਕੈਰਲ ਨੇ ਦੋਸ਼ ਲਾਇਆ ਕਿ ਸਾਬਕਾ ਰਾਸ਼ਟਰਪਤੀ ਨੇ ਮੈਨਹਟਨ ਦੇ ਇੱਕ ਡਿਪਾਰਟਮੈਂਟ ਸਟੋਰ ਵਿਚ ਉਸ ਨਾਲ ਬਲਾਤਕਾਰ ਕੀਤਾ।
ਟਰੰਪ ਦੁਆਰਾ ਇਹਨਾਂ ਆਰੋਪਾਂ ਨੂੰ ਝੂਠ ਕਰਰ ਦੇਣ ਨਾਲ ਸਬੰਧਤ ਵੀਡੀਓ ਜਾਰੀ ਕਰਨ ਤੋਂ ਬਾਅਦ ਉਸ ਨੂੰ ਬਦਨਾਮ ਕੀਤਾ ਸੀ। ਕੈਰਲ (79) ਨੇ ਅਦਾਲਤ ਦੇ ਇਸ ਫੈਸਲੇ ਨੂੰ ਆਪਣੀ ਜਿੱਤ ਕਰਾਰ ਦਿਤਾ ਹੈ।
ਉਸ ਨੇ ਇੱਕ ਬਿਆਨ ਵਿਚ ਕਿਹਾ, “ਮੈਂ ਆਪਣੀ ਜ਼ਿੰਦਗੀ ਵਾਪਸ ਲੈਣ ਲਈ ਡੌਨਲਡ ਟਰੰਪ ਦੇ ਖ਼ਿਲਾਫ਼ ਇਹ ਮੁਕੱਦਮਾ ਦਾਇਰ ਕੀਤਾ ਹੈ। ਅੱਜ ਦੁਨੀਆਂ ਦੇ ਸਾਹਮਣੇ ਸਚਾਈ ਆ ਗਈ ਹੈ।
ਕੈਰਲ ਨੇ ਕਿਹਾ, "ਇਹ ਸਿਰਫ਼ ਮੇਰੇ ਲਈ ਹੀ ਨਹੀਂ, ਸਗੋਂ ਹਰ ਉਸ ਔਰਤ ਲਈ ਜਿੱਤ ਹੈ, ਜਿਸ ਨੇ ਇਸ ਲਈ ਦੁਖ ਝੱਲਿਆ ਕਿਉਂਕਿ ਉਸ 'ਤੇ ਵਿਸ਼ਵਾਸ ਨਹੀਂ ਕੀਤਾ ਗਿਆ ਸੀ।
ਕੈਰਲ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਸੋਸ਼ਲ ਮੀਡੀਆ 'ਤੇ ਕਿਹਾ, ''ਮੈਨੂੰ ਬਿਲਕੁਲ ਨਹੀਂ ਪਤਾ ਕਿ ਇਹ ਔਰਤ ਕੌਣ ਹੈ। ਇਹ ਫ਼ੈਸਲਾ ਸ਼ਰਮਨਾਕ ਹੈ।
ਅਦਾਲਤ ਦੀ ਸੁਣਵਾਈ 'ਤੇ ਸਵਾਲ ਉਠਾਉਂਦੇ ਹੋਏ ਟਰੰਪ ਨੇ ਦੋਸ਼ ਲਗਾਇਆ, "ਤੁਸੀਂ ਟਰੰਪ ਤੋਂ ਨਫ਼ਰਤ ਕਰਨ ਵਾਲੇ ਕਲਿੰਟਨ ਦੁਆਰਾ ਨਿਯੁਕਤ ਜੱਜ ਤੋਂ ਹੋਰ ਕੀ ਉਮੀਦ ਕਰ ਸਕਦੇ ਹੋ।"
ਸਾਬਕਾ ਰਾਸ਼ਟਰਪਤੀ ਦੇ ਵਕੀਲ ਨੇ ਅਦਾਲਤ ਦੇ ਬਾਹਰ ਕਿਹਾ ਕਿ ਟਰੰਪ ਫੈਸਲੇ ਖ਼ਿਲਾਫ਼ ਅਪੀਲ ਕਰਨਗੇ।
ਟਰੰਪ ਨੇ ਵਿਅਕਤੀਗਤ ਔਰਤਾਂ ਦੁਆਰਾ ਆਪਣੇ 'ਤੇ ਲਗਾਏ ਜਿਨਸੀ ਸ਼ੋਸ਼ਣ ਅਤੇ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਨੂੰ ਲਗਾਤਾਰ ਨਕਾਰਿਆ ਹੈ। ਉਸ ਦਾ ਦਾਅਵਾ ਹੈ ਕਿ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਉਸ ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਹੈ ਤਾਂ ਜੋ ਉਹ ਵ੍ਹਾਈਟ ਹਾਊਸ ਦੀ ਦੌੜ ਵਿਚ ਸ਼ਾਮਲ ਨਾ ਹੋ ਸਕੇ।