
ਕੈਨੇਡਾ ਦੇ ਉਂਟਾਰੀਉ ਸੂਬੇ ਦੀਆਂ ਚੋਣਾਂ ਵਿਚ ਜਿਥੇ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਦੀ ਪਾਰਟੀ 40 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣ ਗਈ ਹੈ,...
ਚੰਡੀਗੜ੍ਹ, ਕੈਨੇਡਾ ਦੇ ਉਂਟਾਰੀਉ ਸੂਬੇ ਦੀਆਂ ਚੋਣਾਂ ਵਿਚ ਜਿਥੇ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਦੀ ਪਾਰਟੀ 40 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣ ਗਈ ਹੈ, ਉਥੇ ਜਗਮੀਤ ਸਿੰਘ ਨੂੰ ਇਹ ਹੁਲਾਰਾ ਵੀ ਮਿਲਿਆ ਹੈ ਕਿ ਉਸ ਦਾ ਭਰਾ ਗੁਰਰਤਨ ਸਿੰਘ ਤਿੰਨ ਮਹੀਨਿਆਂ ਦੇ ਵਿਚ-ਵਿਚ ਉਂਟਾਰੀਉ ਅਸੈਂਬਲੀ 'ਚ ਪੁੱਜਣ ਵਿਚ ਕਾਮਯਾਬ ਹੋ ਗਿਆ।
ਗੁਰਰਤਨ ਸਿੰਘ ਪੇਸ਼ੇ ਵਜੋਂ ਵਕੀਲ ਅਤੇ ਸਮਾਜ ਸੇਵਕ ਹੈ, ਨੇ ਲਗਭਗ ਤਿੰਨ ਮਹੀਨੇ ਪਹਿਲਾਂ ਮਾਰਚ ਮਹੀਨੇ ਅਪਣੇ ਭਰਾ ਕੋਲ ਸਿਆਸਤ ਵਿਚ ਦਾਖ਼ਲ ਹੋਣ ਦੀ ਇੱਛਾ ਪ੍ਰਗਟਾਈ ਸੀ। ਗੁਰਰਤਨ ਸਿੰਘ ਨੂੰ ਐਨ.ਡੀ.ਪੀ. ਵਲੋਂ ਟਿਕਟ ਦਿਤੀ ਅਤੇ ਉਸ ਦੇ ਭਰਾ ਨੇ ਚੋਣਾਂ ਵਿਚ ਉਸ ਦੀ ਪੂਰੀ ਮਦਦ ਕੀਤੀ। ਸਿੱਟਾ ਇਹ ਨਿਕਲਿਆ ਕਿ ਉਹ ਹੁਣ ਉਂਟਾਰੀਉ ਵਿਧਾਨ ਸਭਾ ਦਾ ਮੈਂਬਰ ਬਣ ਗਿਆ ਹੈ।
ਚੇਤੇ ਰਹੇ ਪਿਛਲੇ ਦਿਨੀਂ ਉਂਟਾਰੀਉ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਪਿਛਲੇ ਪੰਦਰਾਂ ਸਾਲਾਂ ਤੋਂ ਹਕੂਮਤ ਕਰ ਰਹੀ ਲਿਬਰਲ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ ਅਤੇ ਹੁਣ ਉਹ ਸਿਰਫ਼ ਸੱਤ ਸੀਟਾਂ ਲੈ ਕੇ ਤੀਜੀ ਥਾਂ 'ਤੇ ਹੀ ਪਹੁੰਚ ਸਕੀ ਹੈ। ਉਧਰ ਇਹ ਚੋਣਾਂ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਹਨ। ਇਸੇ ਦੌਰਾਨ ਚੋਣਾਂ ਵਿਚ ਪੰਜਾਬੀ ਮੂਲ ਦੇ ਸੱਤ ਐਮ.ਐਲ.ਏ. ਚੁਣੇ ਹਨ। ਨਤੀਜੇ ਵਜੋਂ ਉਥੇ ਵਸਦੇ ਪੰਜਾਬੀ ਬਾਗ਼ੋ-ਬਾਗ਼ ਹਨ। ਇਸੇ ਦੌਰਾਨ ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਚਾਰ ਸਿਟਿੰਗ ਵਿਧਾਇਕ ਚੋਣ ਹਾਰ ਵੀ ਗਏ ਹਨ। ਇਨ੍ਹਾਂ ਵਿਚ ਹਰਿੰਦਰ ਮੱਲੀ, ਅੰਮ੍ਰਿਤ ਮਾਂਗਟ, ਵਿੱਕ ਢਿੱਲੋਂ ਅਤੇ ਦੀਪਿਕਾ ਦਰੋਲਾ ਹਨ।