
ਕੈਨੇਡਾ ਦੇ ਸੂਬੇ ਓਨਟਾਰੀਓ 'ਚ ਹੋਈਆਂ ਚੋਣਾਂ ਤੋਂ ਬਾਅਦ ਡੱਗ ਫ਼ੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਲੋਂ 29 ਜੂਨ ਨੂੰ ਸਰਕਾਰ ਦੀ ਵਾਗਡੋਰ ਸੰਭਾਲਣ ਦੀ....
ਬਰੈਂਪਟਨ, 9 ਜੂਨ: ਕੈਨੇਡਾ ਦੇ ਸੂਬੇ ਓਨਟਾਰੀਓ 'ਚ ਹੋਈਆਂ ਚੋਣਾਂ ਤੋਂ ਬਾਅਦ ਡੱਗ ਫ਼ੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਲੋਂ 29 ਜੂਨ ਨੂੰ ਸਰਕਾਰ ਦੀ ਵਾਗਡੋਰ ਸੰਭਾਲਣ ਦੀ ਉਮੀਦ ਹੈ। ਉਨ੍ਹਾਂ ਦੀ ਪਾਰਟੀ ਨੇ 76 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ। ਇਨ੍ਹਾਂ ਚੋਣਾਂ ਵਿਚ ਇਕ ਵਾਰ ਫਿਰ ਪੰਜਾਬੀਆਂ ਨੇ ਅਪਣੀ ਜਿੱਤ ਦੇ ਝੱਡੇ ਗੱਡੇ ਹਨ। ਜਿਵੇਂ ਜਿਵੇਂ ਚੋਣ ਨਤੀਜੇ ਇਕ-ਇਕ ਕਰ ਕੇ ਆ ਰਹੇ ਸਨ, ਓਵੇਂ ਓਵੇਂ ਹੀ ਪੰਜਾਬੀਆਂ ਦੀ ਜਿੱਤ ਦੀਆਂ ਖ਼ਬਰਾਂ ਆ ਰਹੀਆਂ ਸਨ। ਇਸ ਦੇ ਨਾਲ ਹੀ ਕੈਨੇਡਾ ਤੋਂ ਪੰਜਾਬ ਨੂੰ ਫ਼ੋਨ ਖੜਕ ਰਹੇ ਸਨ।
ਪੰਜਾਬੀ ਉਮੀਦਵਾਰਾਂ ਦੀ ਜਿੱਤ ਦੀ ਖ਼ਬਰ ਮਿਲਦਿਆਂ ਹੀ ਪੰਜਾਬ ਦੇ ਕਈ ਪਿੰਡਾਂ ਅਤੇ ਕਸਬਿਆਂ ਵਿਚ ਢੋਲ ਵੱਜਣੇ ਸ਼ੁਰੂ ਹੋ ਗਏ ਸਨ ਅਤੇ ਲੱਡੂ ਵੰਡੇ ਗਏ।
ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਪੰਜਾਬੀ ਉਮੀਦਵਾਰ ਇਕ ਵਾਰ ਫਿਰ ਓਨਟਾਰੀਓ ਦੀਆਂ ਚੋਣਾਂ ਵਿਚ ਮੋਹਰੀ ਰਹੇ ਅਤੇ ਇਸ ਦੌਰਾਨ ਕੁੱਝ ਖੇਤਰਾਂ ਤੋਂ ਅਪਣਿਆਂ ਨੂੰ ਮਾਤ ਦੇਣ ਕਾਰਨ ਉਹ ਚਰਚਾ ਵਿਚ ਵੀ ਰਹੇ ਕਿਉਂਕਿ ਜ਼ਿਆਦਾਤਰ ਹਲਕਿਆਂ ਵਿਚ ਪੰਜਾਬੀ ਉਮੀਦਵਾਰਾਂ ਦਾ ਪੰਜਾਬੀ ਉਮੀਦਵਾਰਾਂ ਨਾਲ ਹੀ ਮੁਕਾਬਲਾ ਸੀ।
ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ ਜੇਤੂ ਰਹੇ ਜਦਕਿ ਪਰਮਿੰਦਰ ਸਿੰਘ ਅਤੇ ਸੰਦੀਪ ਵਰਮਾ ਦੇ ਹਿੱਸੇ ਹਾਰ ਆਈ। ਗੁਰਰਤਨ ਸਿੰਘ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਦੇ ਭਰਾ ਹਨ। ਇਸੇ ਤਰ੍ਹਾਂ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ 15652 ਵੋਟਾਂ ਲੈ ਕੇ ਜਿੱਤਣ ਵਿਚ ਕਾਮਯਾਬ ਰਹੇ ਅਤੇ ਉਨ੍ਹਾਂ ਸੁਖਵੰਤ ਠੇਠੀ ਤੇ ਪਰਮਜੀਤ ਗਿੱਲ ਨੂੰ ਹਰਾਇਆ।
ਇਸੇ ਤਰ੍ਹਾਂ ਬਰੈਂਪਟਨ ਵੈਸਟ ਤੋਂ ਅਮਰਜੋਤ 14951 ਵੋਟਾਂ ਲੈ ਕੇ ਸੀਟ ਜਿੱਤਣ ਵਿਚ ਜਿੱਥੇ ਕਾਮਯਾਬ ਹੋਏ, ਉਥੇ ਉਨ੍ਹਾਂ ਵਿੱਕ ਢਿੱਲੋਂ ਅਤੇ ਜਗਰੂਪ ਸਿੰਘ ਨੂੰ ਕਰਾਰੀ ਮਾਤ ਦਿਤੀ। ਬਰੈਂਪਟਨ ਸੈਂਟਰ ਤੋਂ ਵੀਸਾਰਾ ਸਿੰਘ ਨੇ 12892 ਵੋਟਾਂ ਲੈ ਕੇ ਹਰਜੀਤ ਸਿੰਘ ਜਸਵਾਲ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ, ਜਦਕਿ ਮਿਸੀਸਾਗਾ ਮਾਲਟਨ ਤੋਂ 14712 ਵੋਟਾਂ ਲੈ ਕੇ ਦੀਪਕ ਆਨੰਦ ਨੇ ਜਿੱਤ ਦੇ ਝੰਡੇ ਗੱਡੇ, ਇਥੋਂ ਅੰਮ੍ਰਿਤ ਮਾਂਗਟ ਤੇ ਨਿੱਕੀ ਕਲਾਰਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਮਿਸੀਸਾਗਾ ਸਟਰੀਟ ਵਿਲੇ ਤੋਂ ਨੀਨਾ ਤਾਂਗੜੀ ਨੇ ਅਭੀਜੀਤ ਮੈਨੀ ਤੇ ਜੈਕਲੀਨ ਗੁਜਰਾਤੀ ਨੂੰ ਹਰਾਇਆ ਜਦੋਂਕਿ ਮਿਸੀਸਾਗਾ ਸੈਂਟਰ ਤੋਂ ਨਤਾਲੀਆ 16976 ਵੋਟਾਂ ਲੈ ਕੇ ਜੇਤੂ ਰਹੀ ਜਦਕਿ ਇਸ ਸੀਟ ਤੋਂ ਬੌਬੀ ਡੈਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਿਲਟਨ ਤੋਂ ਪੰਜਾਬੀ ਉਮੀਦਵਾਰ ਪਰਮ ਗਿੱਲ ਵੀ ਜੇਤੂ ਰਹੇ ਹਨ। ਦਸ ਦਈਏ ਕਿ ਇਨ੍ਹਾਂ ਚੋਣਾਂ ਦੌਰਾਨ ਬਰੈਂਪਟਨ ਨੌਰਥ ਤੋਂ ਗੁਰਬਖਸ਼ ਮੱਲ੍ਹੀ ਦੀ ਧੀ ਹਰਿੰਦਰ ਮੱਲ੍ਹੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਰਿਪੂਦਮਨ ਢਿੱਲੋਂ ਵੀ ਇਸ ਸੀਟ ਤੋਂ ਹਾਰ ਗਏ ਪਰ ਵਿਨ ਯਾਰਡ ਨੇ 14877 ਵੋਟਾਂ ਲੈ ਕੇ ਕੇ ਇਥੋਂ ਸ਼ਾਨਦਾਰ ਜਿੱਤ ਹਾਸਲ ਕੀਤੀ। (ਏਜੰਸੀਆਂ)