
ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਮਤਾ ਕੀਤਾ ਪਾਸ
ਕੈਨੇਡਾ - ਮਰਹੂਮ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਅਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਕੋਈ ਮਰਹੂਮ ਗਾਇਕ ਦੇ ਟੈਂਟੂ ਬਮੲਾ ਰਿਹਾ ਹੈ ਤਾਂ ਕੋਈ ਗਾਇਕ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਪਾ ਰਿਹਾ ਹੈ। ਇਹਨਾਂ ਸਭ ਦੇ ਚਲਦਿਆਂ ਹੁਣ ਬਰੈਂਪਟਨ ਸਿਟੀ ਕੌਂਸਲ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਵੱਡਾ ਕੰਧ ਚਿੱਤਰ ਬਣਾਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਸਿੱਧੂ ਮੂਸੇ ਵਾਲਾ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਵੀ ਬਰੈਂਪਟਨ ਤੋਂ ਹੀ ਕੀਤੀ ਸੀ।
Sidhu Moose Wala
8 ਜੂਨ ਨੂੰ ਜਦੋਂ ਪੰਜਾਬ ’ਚ ਸਾਰੇ ਸਿੱਧੂ ਮੂਸੇ ਵਾਲਾ ਦੇ ਭੋਗ ਤੇ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਜਾ ਰਹੇ ਸਨ, ਉਸ ਸਮੇਂ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਇਹ ਮਤਾ ਪਾਸ ਕੀਤਾ ਸੀ। ਪੰਜਾਬੀ ਭਾਈਚਾਰੇ ਨੇ ਕੌਂਸਲ ਨੂੰ ਬੇਨਤੀ ਕੀਤੀ ਕਿ ਇਕ ਵਧੀਆ ਜਗ੍ਹਾ ਲੱਭ ਕੇ ਸਿੱਧੂ ਮੂਸੇ ਵਾਲਾ ਦੇ ਚਿੱਤਰ ਨੂੰ ਬਣਾਇਆ ਜਾਵੇ।
Sidhu Moose Wala
ਉਹਨਾਂ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਦੀ ਯਾਦ ’ਚ ਇਕ ਦਰੱਖਤ ਵੀ ਲਗਾਉਣਗੇ ਤੇ ਗਾਇਕ ਨੂੰ ਬਰੈਂਪਟਨ ਵਾਕ ਆਫ ਫੇਮ ’ਚ ਸ਼ਾਮਲ ਕਰਨ ’ਤੇ ਵੀ ਵਿਚਾਰ ਕਰਨਗੇ। ਦੱਸ ਦਈਏ ਕਿ ਬਰੈਂਪਟਨ ਦੇ ਵਸਨੀਕ ਸਿੱਧੂ ਦੇ ਕਤਲ ਕਾਰਨ ਬੇਹੱਦ ਦੁਖੀ ਹਨ ਤੇ ਸਿੱਧੂ ਲਈ ਇਥੇ ਇਕ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ।