
ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਡੇਵਿਡ ਡੇਵਿਸ (69) ਅਤੇ ਉਨ੍ਹਾਂ ਦੇ ਇਕ ਸਹਿਯੋਗੀ ਨੇ ਐਤਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ...........
ਲੰਦਨ : ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਡੇਵਿਡ ਡੇਵਿਸ (69) ਅਤੇ ਉਨ੍ਹਾਂ ਦੇ ਇਕ ਸਹਿਯੋਗੀ ਨੇ ਐਤਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਦਾ ਇਹ ਕਦਮ ਅਪਣੀ ਪਾਰਟੀ ਨੂੰ ਇਕਜੁਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮੇਅ ਦੀ ਯੋਜਨਾ ਯੂਰਪੀ ਯੂਨੀਅਨ ਤੋਂ ਨਿਕਲਣ ਦੇ ਬਾਵਜੂਦ ਵੀ ਇਸ ਦੇ ਨਾਲ ਮਜ਼ਬੂਤ ਆਰਥਕ ਸਬੰਧ ਬਰਕਰਾਰ ਰੱਖਣ ਦੀ ਹੈ। ਡੇਵਿਸ ਨੂੰ ਸਾਲ 2016 ਵਿਚ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਕੰਮ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਸਬੰਧੀ ਗੱਲਬਾਤ ਕਰਨਾ ਸੀ। ਡੇਵਿਸ ਨੇ ਮੇਅ ਨੂੰ ਲਿਖੇ ਇਕ ਪੱਤਰ ਵਿਚ ਕਿਹਾ,
''ਇਸ ਨੀਤੀ ਦੇ ਆਮ ਨਿਰਦੇਸ਼ ਸਾਨੂੰ ਗੱਲਬਾਤ ਦੀ ਕਮਜ਼ੋਰ ਸਥਿਤੀ ਵਿਚ ਪਾ ਦੇਣਗੇ ਅਤੇ ਸੰਭਵ ਤੌਰ 'ਤੇ ਉਸ ਤੋਂ ਬਚ ਨਿਕਲਣਾ ਮੁਸ਼ਕਲ ਹੋਵੇਗਾ। ਅਪਣੇ ਅਸਤੀਫ਼ਾ ਪੱਤਰ ਵਿਚ ਡੇਵਿਸ ਨੇ ਮੇਅ ਨੂੰ ਦਸਿਆ, ''ਨੀਤੀ ਅਤੇ ਰਣਨੀਤੀ ਦਾ ਮੌਜੂਦਾ ਰੁਝਾਨ ਬ੍ਰਿਟੇਨ ਦੇ ਸਿੰਗਲ ਬਾਜ਼ਾਰ ਅਤੇ ਯੂਰਪੀ ਯੂਨੀਅਨ ਨੂੰ ਛੱਡਣ ਦੀ ਸੰਭਾਵਨਾ ਨੂੰ ਬਹੁਤ ਘੱਟ ਕਰ ਰਿਹਾ ਹੈ।'' ਬ੍ਰਿਟਿਸ਼ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਜੂਨੀਅਰ ਬ੍ਰੈਗਜ਼ਿਟ ਮੰਤਰੀ ਸਟੀਵ ਬੇਕਰ ਨੇ ਵੀ ਅਸਤੀਫ਼ਾ ਦੇ ਦਿਤਾ ਹੈ। (ਪੀਟੀਆਈ)