
ਇਸ ਸਾਲ ਯੂ.ਕੇ. ’ਚ ਘਰੇਲੂ ਹਿੰਸਾ ਕਾਰਨ ਤਿੰਨ ਔਰਤਾਂ ਦੀ ਮੌਤ, 5 ਨੇ ਖ਼ੁਦਕੁਸ਼ੀ ਕੀਤੀ
ਬਰਮਿੰਘਮ: ਹਿੰਸਕ ਸਾਥੀਆਂ ਦੇ ਹੱਥੋਂ ਮਰਨ ਵਾਲੀਆਂ ਸਿੱਖ ਔਰਤਾਂ ਦੀ ਯਾਦ ’ਚ ਬਰਮਿੰਘਮ ਵਿਚ ਇਕ ਜਾਗਰੂਕਤਾ ਪ੍ਰਦਰਸ਼ਨ ਕੀਤਾ ਜਾਵੇਗੀ। ਸਿੱਖ ਔਰਤਾਂ ਵਿਰੁਧ ਹਿੰਸਾ ਨਾਲ ਨਜਿੱਠਣ ਵਾਲੀ ਇਕ ਚੈਰਿਟੀ ‘ਸਿੱਖ ਵੂਮੈਨਜ਼ ਏਡ’ ਨੇ ਕਿਹਾ ਕਿ ਸ਼ਹਿਰ ਵਿਚ ਇਹ ਮੁੱਦਾ ਵਿਸ਼ੇਸ਼ ਤੌਰ ’ਤੇ ਜ਼ਰੂਰੀ ਹੈ। ਦੋ ਸਾਲ ਪਹਿਲਾਂ ਕੋਵਿਡ ਲੌਕਡਾਊਨ ਦੌਰਾਨ ਸਥਾਪਿਤ ਕੀਤੀ ਗਈ ਇਹ ਸੰਸਥਾ ਮਹਾਂਮਾਰੀ ਦੌਰਾਨ ਦੁਰਵਿਵਹਾਰਕ ਘਰਾਂ ਵਿਚ ਸਿੱਖ ਔਰਤਾਂ ਦੇ ਮਰਨ ਦੀਆਂ ਰੀਪੋਰਟਾਂ ਸੁਣ ਕੇ ਹੈਰਾਨ ਸੀ। ਇਹ ਸੰਸਥਾ ਇਸਲਾਮੀ ਔਰਤਾਂ ਦੇ ਇਕ ਇਸੇ ਤਰ੍ਹਾਂ ਦੇ ਸਮੂਹ ਤੋਂ ਪ੍ਰੇਰਿਤ ਹੈ।
ਸੰਸਥਾਪਕ ਸੁਖਵਿੰਦਰ ਕੌਰ ਸਮੇਤ ਹੋਰ ਸੰਸਥਾਪਕਾਂ ਦਾ ਮੰਨਣਾ ਹੈ ਕਿ ਸਿੱਖ ਔਰਤਾਂ ਦੀਆਂ ਜਾਨਾਂ ਬਚਾਉਣ ਲਈ ਹੁਣ ਕੁਝ ਕਰਨ ਦੀ ਲੋੜ ਹੈ। 40 ਸਾਲਾਂ ਦੀ ਟਰੱਸਟੀ ਸੁੱਖੀ ਨੇ ਕਿਹਾ, ‘‘ਇਸ ਸਾਲ ਤਿੰਨ ਔਰਤਾਂ ਦਾ ਕਤਲ ਹੋ ਗਿਆ ਜਦਕਿ ਅਤੇ ਪੰਜ ਨੇ ਖੁਦਕੁਸ਼ੀ ਕਰ ਲਈ। ਅਸੀਂ ਅਜਿਹੀਆਂ ਔਰਤਾਂ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਉਨ੍ਹਾਂ ਦੀ ਮਦਦ ਲਈ ਤਿਆਰ ਹਾਂ। ਅਸੀਂ ਹੋਰ ਸਿੱਖ ਔਰਤਾਂ ਗੁਆਉਣਾ ਨਹੀਂ ਚਾਹੁੰਦੇ ਹਾਂ।’’
‘‘ਸਿੱਖ ਪੰਜਾਬੀਆਂ ਹੋਣ ਦੇ ਨਾਤੇ, ਅਸੀਂ ਸੱਭਿਆਚਾਰ ਨੂੰ ਸਮਝਦੇ ਹਾਂ ਅਤੇ ਸਾਨੂੰ ਵਧੇਰੇ ਔਰਤਾਂ ਤਕ ਪਹੁੰਚਣ ਲਈ ਸਭਿਆਚਾਰਕ ਸੂਖਮਤਾ ਨੂੰ ਸਮਝਣਾ ਪਵੇਗਾ। ਸਾਡੇ ਸੰਸਥਾਪਕਾਂ ਵਿਚੋਂ ਇਕ ਨੇ ਔਰਤਾਂ ਦੀ ਨੂੰ ਆਸਰਾ ਦੇਣ ਵਾਲੀ ਸੰਸਥਾ ’ਚ ਕੰਮ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਥੇ ਕਦੇ ਵੀ ਸਿੱਖ ਔਰਤਾਂ ਵੇਖਣ ਨੂੰ ਨਹੀਂ ਮਿਲੀਆਂ, ਕਿਉਂਕਿ ਉਹ ਘਰੇਲੂ ਹਿੰਸਾ ਵਿਰੁਧ ਕਦੇ ਖੜੀਆਂ ਨਹੀਂ ਹੁੰਦੀਆਂ।’’
‘‘ਬਰਮਿੰਘਮ ਵਿਚ ਸਾਨੂੰ ਸਭ ਤੋਂ ਵੱਧ ਸ਼ਿਕਾਇਤਾਂ ਮਿਲੀਆਂ। ਅਸੀਂ ਦੇਖਿਆ ਕਿ ਲੌਕਡਾਊਨ ਦੌਰਾਨ ਕਾਲਾਂ 216 ਫ਼ੀ ਸਦੀ ਵੱਧ ਗਈਆਂ ਹਨ ਅਤੇ ਅੰਕੜੇ ਮਾੜੇ ਹਨ। ਅਸੀਂ ਮੁਸਲਿਮ ਔਰਤਾਂ ਦੇ ਨੈੱਟਵਰਕ ਨਾਲ ਵੀ ਕੰਮ ਕਰਦੇ ਹਾਂ।’’ 2022 ਵਿਚ, ਸਿੱਖ ਵੂਮੈਨ ਏਡ ਨੇ ਅਪਣੀ ਦੂਜੀ ਰੀਪੋਰਟ ਪ੍ਰਕਾਸ਼ਿਤ ਕੀਤੀ ਜਿਸ ਵਿਚ ਸਿੱਖ ਪੰਜਾਬੀ ਭਾਈਚਾਰੇ ਵਿਚ ਘਰੇਲੂ ਅਤੇ ਜਿਨਸੀ ਹਿੰਸਾ ਦੇ ਪ੍ਰਭਾਵ ਨੂੰ ਵੇਖਿਆ ਗਿਆ। ਇਹ ਰੀਪੋਰਟ ਇਕ ਸਰਵੇਖਣ ’ਤੇ ਅਧਾਰਤ ਸੀ ਜਿਸ ਵਿਚ 839 ਵਿਅਕਤੀ ਸ਼ਾਮਲ ਸਨ ਅਤੇ 62 ਫ਼ੀ ਸਦੀ ਸਿੱਖ ਪੰਜਾਬੀ ਔਰਤਾਂ ਅਤੇ ਕੁੜੀਆਂ ਨੇ ਸਰਵੇਖਣ ਦਾ ਜਵਾਬ ਦਿਤਾ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਘਰੇਲੂ ਸ਼ੋਸ਼ਣ ਦਾ ਸਾਹਮਣਾ ਕੀਤਾ ਹੈ।
ਘਰੇਲੂ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੇ ਸਾਰੇ ਉੱਤਰਦਾਤਾਵਾਂ ਵਿਚੋਂ ਲਗਭਗ ਅੱਧੇ, 46 ਫ਼ੀ ਸਦੀ ਦਾ ਇਕ ਤੋਂ ਵੱਧ ਜਣੇ ਨੇ ਸੋਸ਼ਣ ਕੀਤਾ। ਸਾਰੇ ਉੱਤਰਦਾਤਾਵਾਂ ਵਿਚੋਂ ਲਗਭਗ ਇਕ ਤਿਹਾਈ ਨੇ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਅਤੇ ਜ਼ਿਆਦਾਤਰ ਨੇ ਕਿਹਾ ਕਿ ਦੁਰਵਿਵਹਾਰ ਉਦੋਂ ਹੋਇਆ ਜਦੋਂ ਉਹ ਬੱਚੇ ਸਨ। ਸੁੱਖੀ ਨੇ ਅੱਗੇ ਕਿਹਾ, ‘‘ਅਸੀਂ ਵਿਦਿਆਰਥੀ ਵੀਜ਼ਾ ਵਾਲੀਆਂ ਔਰਤਾਂ ਦੀ ਮਦਦ ਕਰਦੇ ਹਾਂ ਜਿਨ੍ਹਾਂ ਕੋਲ ਬਹੁਤਾ ਪੈਸਾ ਨਹੀਂ ਹੁੰਦਾ, ਜਿਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਬਹੁਤ ਸਾਰੇ ਨਹੀਂ ਜਾਣਦੇ ਕਿ ਯੂ.ਕੇ. ਕਿਵੇਂ ਕੰਮ ਕਰਦਾ ਹੈ। ਕੁਝ ਮਾਮਲਿਆਂ ਵਿਚ ਖੁਦਕੁਸ਼ੀ ਦੀ ਕੋਸ਼ਿਸ਼, ਪਰਿਵਾਰਕ ਅਦਾਲਤ ਦੇ ਕੇਸ, ਮਾਨਸਿਕ ਸਿਹਤ ਅਤੇ ਪਰਿਵਾਰ ਦੇ ਮੈਂਬਰਾਂ ਦੁਆਰਾ ਬਲਾਤਕਾਰ ਕੀਤੇ ਗਏ ਬੱਚੇ ਸ਼ਾਮਲ ਹਨ।’’ ਉਨ੍ਹਾਂ ਕਿਹਾ, ‘‘ਸਾਡੇ ਕੋਲ ਬਜ਼ੁਰਗ ਔਰਤਾਂ ਵੀ ਹਨ ਜੋ ਸਿਰਫ਼ ਕਿਸੇ ਨਾਲ ਗੱਲ ਕਰਨਾ ਚਾਹੁੰਦੀਆਂ ਹਨ। ਉਹ ਕਹਿੰਦੀਆਂ ਹਨ ‘ਕਾਸ਼ ਤੁਸੀਂ ਲਗਭਗ 30 ਸਾਲ ਪਹਿਲਾਂ ਹੁੰਦੇ ਜਦੋਂ ਮੈਂ ਛੋਟੀ ਸੀ।’ ਕੁਝ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਕੁਟਿਆ ਜਦੋਂ ਕਿ ਉਹ ਗਰਭਵਤੀ ਸਨ।’’
‘‘ਹਰ ਜੀਵਨ ਜੋ ਅਸੀਂ ਬਚਾਉਂਦੇ ਹਾਂ ਉਸ ਨਾਲ ਮੈਨੂੰ ਇਹ ਕੰਮ ਕਰਨ ਦੀ ਇੱਛਾ ਹੋਰ ਮਜ਼ਬੂਤ ਹੁੰਦੀ ਹੈ।’’ ਇਹ ਪ੍ਰਦਰਸ਼ਨ 17 ਜੁਲਾਈ ਨੂੰ ਪਹਿਲੇ ਸਿੱਖ ਮਹਿਲਾ ਯਾਦਗਾਰੀ ਦਿਵਸ ਮੌਕੇ ਸੈਂਚੁਰੀ ਸੁਕੇਅਰ ’ਚ ਦੁਪਹਿਰ 1 ਵਜੇ ਤੋਂ 2.30 ਵਜੇ ਤਕ ਚਲੇਗਾ।