ਆਸਟ੍ਰੀਆ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ : ‘ਇਹ ਜੰਗ ਦਾ ਸਮਾਂ ਨਹੀਂ’
Published : Jul 10, 2024, 10:24 pm IST
Updated : Jul 10, 2024, 10:24 pm IST
SHARE ARTICLE
 Prime Minister Modi with Austrian Chancellor Karl Nehammer.
Prime Minister Modi with Austrian Chancellor Karl Nehammer.

ਰੂਸ-ਯੂਕਰੇਨ ਸ਼ਾਂਤੀ ਪ੍ਰਕਿਰਿਆ ’ਚ ਭਾਰਤ ਦੀ ਭੂਮਿਕਾ ਬਹੁਤ ਮਹੱਤਵਪੂਰਨ : ਆਸਟ੍ਰੀਆ ਦੇ ਚਾਂਸਲਰ ਨੇਹਮਰ 

ਵੀਏਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨਾਲ ‘ਲਾਭਦਾਇਕ ਚਰਚਾ’ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਯੂਕਰੇਨ ਸੰਘਰਸ਼ ਅਤੇ ਮੱਧ ਪੂਰਬ ਦੀ ਸਥਿਤੀ ਸਮੇਤ ਗਲੋਬਲ ਵਿਵਾਦਾਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਦੇ ਨਾਲ ਹੀ ਮੋਦੀ ਨੇ ਫਿਰ ਕਿਹਾ ਕਿ ‘ਇਹ ਜੰਗ ਦਾ ਸਮਾਂ ਨਹੀਂ ਹੈ।’ 

ਪ੍ਰਧਾਨ ਮੰਤਰੀ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਮੰਗਲਵਾਰ ਰਾਤ ਨੂੰ ਮਾਸਕੋ ਤੋਂ ਵਿਆਨਾ ਪਹੁੰਚੇ। ਪਿਛਲੇ 40 ਸਾਲਾਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੀਆ ਦੀ ਇਹ ਪਹਿਲੀ ਯਾਤਰਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੀਆ ਨੇ ਦੁਵਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕੀਤੀ ਹੈ ਅਤੇ ਆਉਣ ਵਾਲੇ ਦਹਾਕੇ ’ਚ ਸਹਿਯੋਗ ਲਈ ਇਕ ਰੋਡਮੈਪ ਤਿਆਰ ਕੀਤਾ ਹੈ। 

ਮੋਦੀ ਨੇ ਗੱਲਬਾਤ ਤੋਂ ਬਾਅਦ ਨੇਹਮਾਰ ਨਾਲ ਸਾਂਝੇ ਪ੍ਰੈਸ ਬਿਆਨ ’ਚ ਕਿਹਾ, ‘‘ਚਾਂਸਲਰ ਨੇਹਮਾਰ ਅਤੇ ਮੈਂ ਦੁਨੀਆਂ ਭਰ ’ਚ ਸੰਘਰਸ਼ਾਂ ’ਤੇ ਵਿਸਥਾਰ ਪੂਰਵਕ ਗੱਲਬਾਤ ਕੀਤੀ, ਚਾਹੇ ਉਹ ਯੂਕਰੇਨ ਸੰਘਰਸ਼ ਹੋਵੇ ਜਾਂ ਮੱਧ ਪੂਰਬ ਦੀ ਸਥਿਤੀ। ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਜੰਗ ਦੇ ਮੈਦਾਨ ’ਚ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ। ਕਿਤੇ ਵੀ ਬੇਕਸੂਰ ਜਾਨਾਂ ਦਾ ਨੁਕਸਾਨ ਮਨਜ਼ੂਰ ਨਹੀਂ ਕੀਤਾ ਜਾ ਸਕਦਾ।’’ 

ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੀਆ ਨੇ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਗੱਲਬਾਤ ਅਤੇ ਕੂਟਨੀਤੀ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ, ‘‘ਅਸੀਂ ਦੋਵੇਂ ਇਸ ਟੀਚੇ ਨੂੰ ਹਾਸਲ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਾਂ।’’ ਉਨ੍ਹਾਂ ਯਾਦ ਕੀਤਾ ਕਿ ਇਤਿਹਾਸਕ ਵਿਆਨਾ ਕਾਂਗਰਸ (ਕਾਨਫਰੰਸ) ਇਸ ਹਾਲ ’ਚ ਹੋਈ ਸੀ ਜਿੱਥੇ ਉਹ ਖੜ੍ਹੇ ਹਨ ਅਤੇ ਉਸ ਕਾਨਫਰੰਸ ਨੇ ਯੂਰਪ ’ਚ ਸ਼ਾਂਤੀ ਅਤੇ ਸਥਿਰਤਾ ਦਾ ਰਾਹ ਵਿਖਾਇਆ ਸੀ।

ਜਦਕਿ ਨੇਹਮੇਰ ਨੇ ਕਿਹਾ ਕਿ ਭਾਰਤ ਇਕ ਪ੍ਰਭਾਵਸ਼ਾਲੀ ਅਤੇ ਭਰੋਸੇਮੰਦ ਦੇਸ਼ ਹੈ ਅਤੇ ਰੂਸ-ਯੂਕਰੇਨ ਸ਼ਾਂਤੀ ਪ੍ਰਕਿਰਿਆ ਵਿਚ ਉਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਆਸਟ੍ਰੀਆ ਯੂਕਰੇਨ ਦਾ ਸਹਿਯੋਗੀ ਹੈ। ਨੇਹਮੇਰ ਨੇ ਕਿਹਾ, ‘‘ਅਸੀਂ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਮੁੱਦੇ ’ਤੇ ਬਹੁਤ ਵਿਸਥਾਰ ਪੂਰਵਕ ਗੱਲਬਾਤ ਕੀਤੀ। ਆਸਟ੍ਰੀਆ ਦੇ ਚਾਂਸਲਰ ਹੋਣ ਦੇ ਨਾਤੇ, ਮੇਰੇ ਲਈ ਭਾਰਤ ਦੇ ਮੁਲਾਂਕਣ ਨੂੰ ਜਾਣਨਾ ਅਤੇ ਸਮਝਣਾ ਅਤੇ ਯੂਰਪੀਅਨ ਚਿੰਤਾਵਾਂ ਨੂੰ ਭਾਰਤ ਤਕ ਪਹੁੰਚਾਉਣਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਪਛਮੀ ਏਸ਼ੀਆ ’ਚ ਟਕਰਾਅ ਵਿਚਾਰ ਵਟਾਂਦਰੇ ਦੌਰਾਨ ਚਰਚਾ ਦਾ ਮੁੱਖ ਵਿਸ਼ਾ ਸੀ।’’ 

ਮੰਗਲਵਾਰ ਨੂੰ ਪੁਤਿਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਜੰਗ ਦੇ ਮੈਦਾਨ ’ਚ ਯੂਕਰੇਨ ਸੰਘਰਸ਼ ਦਾ ਹੱਲ ਸੰਭਵ ਨਹੀਂ ਹੈ ਅਤੇ ਬੰਬਾਂ ਅਤੇ ਗੋਲੀਆਂ ਦੇ ਵਿਚਕਾਰ ਸ਼ਾਂਤੀ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਨੇਹਮਰ ਨੇ ਕਿਹਾ ਕਿ ਇਕ ਭਰੋਸੇਮੰਦ ਭਾਈਵਾਲ ਵਜੋਂ, ਆਸਟ੍ਰੀਆ ਗੱਲਬਾਤ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਅਤੇ ਇਕ ਨਿਰਪੱਖ ਦੇਸ਼ ਵਜੋਂ ਅਪਣੀ ਵਿਲੱਖਣ ਸਥਿਤੀ ਦੀ ਵਰਤੋਂ ਕਰਨ ਲਈ ਉਪਲਬਧ ਹੈ। ਆਸਟ੍ਰੀਆ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਪਰ ‘ਨਾਟੋ’ ਦਾ ਮੈਂਬਰ ਨਹੀਂ ਹੈ।

ਮੇਰੀ ਆਸਟ੍ਰੀਆ ਯਾਤਰਾ ਇਤਿਹਾਸਕ ਹੋਣ ਦੇ ਨਾਲ-ਨਾਲ ਵਿਸ਼ੇਸ਼ ਵੀ ਹੈ : ਮੋਦੀ

ਮੋਦੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਅਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਆਸਟ੍ਰੀਆ ਦਾ ਦੌਰਾ ਕਰ ਕੇ ਖੁਸ਼ ਹਨ। ਉਨ੍ਹਾਂ ਕਿਹਾ, ‘‘ਮੇਰੀ ਯਾਤਰਾ ਇਤਿਹਾਸਕ ਅਤੇ ਵਿਸ਼ੇਸ਼ ਹੈ।’’ ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਵਰਗੀਆਂ ਕਦਰਾਂ-ਕੀਮਤਾਂ ’ਚ ਸਾਂਝਾ ਵਿਸ਼ਵਾਸ ਭਾਰਤ-ਆਸਟ੍ਰੀਆ ਸਬੰਧਾਂ ਦੀ ਮਜ਼ਬੂਤ ਨੀਂਹ ਹੈ। ਉਨ੍ਹਾਂ ਕਿਹਾ, ‘‘ਆਪਸੀ ਵਿਸ਼ਵਾਸ ਅਤੇ ਸਾਂਝੇ ਹਿੱਤ ਸਾਡੇ ਸਬੰਧਾਂ ਨੂੰ ਮਜ਼ਬੂਤ ਕਰਦੇ ਹਨ।’’ 

ਉਨ੍ਹਾਂ ਕਿਹਾ, ‘‘ਮੇਰੀ ਯਾਤਰਾ ਇਤਿਹਾਸਕ ਹੋਣ ਦੇ ਨਾਲ-ਨਾਲ ਵਿਸ਼ੇਸ਼ ਵੀ ਹੈ। ਇਕ ਭਾਰਤੀ ਪ੍ਰਧਾਨ ਮੰਤਰੀ 41 ਸਾਲਾਂ ਦੇ ਅੰਤਰਾਲ ਤੋਂ ਬਾਅਦ ਆਸਟ੍ਰੀਆ ਦਾ ਦੌਰਾ ਕਰ ਰਿਹਾ ਹੈ। ਇਹ ਵੀ ਖੁਸ਼ੀ ਦਾ ਇਤਫਾਕ ਹੈ ਕਿ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸਾਡੇ ਦੁਵਲੇ ਸਬੰਧ 75 ਸਾਲ ਪੂਰੇ ਕਰ ਰਹੇ ਹਨ।’’  

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਚਾਂਸਲਰ ਨੇਹਮਾਰ ਅਤੇ ਮੇਰੇ ਵਿਚਾਲੇ ਬਹੁਤ ਲਾਭਦਾਇਕ ਗੱਲਬਾਤ ਹੋਈ। ਅਸੀਂ ਅਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਮੌਕਿਆਂ ਦੀ ਪਛਾਣ ਕੀਤੀ ਹੈ। ਅਸੀਂ ਅਪਣੇ ਸਬੰਧਾਂ ਨੂੰ ਰਣਨੀਤਕ ਦਿਸ਼ਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਆਉਣ ਵਾਲੇ ਦਹਾਕਿਆਂ ’ਚ ਸਹਿਯੋਗ ਲਈ ਇਕ ਖਾਕਾ ਤਿਆਰ ਕੀਤਾ ਗਿਆ ਹੈ। ਇਹ ਸਿਰਫ ਆਰਥਕ ਸਹਿਯੋਗ ਅਤੇ ਨਿਵੇਸ਼ ਤਕ ਸੀਮਤ ਨਹੀਂ ਹੈ। ’’ 

ਮੋਦੀ ਨੇ ਕਿਹਾ, ‘‘ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ, ਨਵਿਆਉਣਯੋਗ ਊਰਜਾ, ਹਾਈਡਰੋਜਨ, ਪਾਣੀ ਅਤੇ ਰਹਿੰਦ-ਖੂੰਹਦ ਪ੍ਰਬੰਧਨ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਤਕਨਾਲੋਜੀ ਵਰਗੇ ਖੇਤਰਾਂ ’ਚ ਅਪਣੀ ਤਾਕਤ ਨੂੰ ਜੋੜਨ ਲਈ ਕੰਮ ਕਰਾਂਗੇ।’’ 

ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਅਸੀਂ ਜਲਵਾਯੂ ਪਰਿਵਰਤਨ ਅਤੇ ਅਤਿਵਾਦ ਵਰਗੀਆਂ ਮਨੁੱਖਤਾ ਦੇ ਸਾਹਮਣੇ ਆਉਣ ਵਾਲੀਆਂ ਚੁਨੌਤੀਆਂ ’ਤੇ ਵੀ ਅਪਣੇ ਵਿਚਾਰ ਸਾਂਝੇ ਕੀਤੇ। ਜਲਵਾਯੂ ਦੇ ਸਬੰਧ ’ਚ, ਅਸੀਂ ਆਸਟ੍ਰੀਆ ਨੂੰ ਕੌਮਾਂਤਰੀ ਸੌਰ ਗਠਜੋੜ, ਆਫ਼ਤ ਸਹਿਣਸ਼ੀਲ ਬੁਨਿਆਦੀ ਢਾਂਚੇ ਲਈ ਗਠਜੋੜ ਅਤੇ ਬਾਇਓਫਿਊਲ ਗਠਜੋੜ ਵਰਗੀਆਂ ਸਾਡੀਆਂ ਪਹਿਲਕਦਮੀਆਂ ’ਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ।’’

ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੀਆ ਦੋਵੇਂ ਅਤਿਵਾਦ ਦੀ ਸਖ਼ਤ ਨਿੰਦਾ ਕਰਦੇ ਹਨ ਅਤੇ ਇਸ ਗੱਲ ’ਤੇ ਸਹਿਮਤ ਹਨ ਕਿ ਇਹ ਕਿਸੇ ਵੀ ਰੂਪ ’ਚ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ, ‘‘ਅਸੀਂ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਨੂੰ ਸਮਕਾਲੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਉਨ੍ਹਾਂ ’ਚ ਸੁਧਾਰ ਕਰਨ ਲਈ ਸਹਿਮਤ ਹੋਏ ਹਾਂ।’’

ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੀਆ ਦੀਆਂ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਕਰਨ ਦਾ ਸੱਦਾ ਦਿਤਾ 

ਵੀਏਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਆਸਟ੍ਰੀਆ ਦੀਆਂ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਕਰਨ ਦਾ ਸੱਦਾ ਦਿਤਾ ਅਤੇ ਬੁਨਿਆਦੀ ਢਾਂਚੇ, ਊਰਜਾ, ਉੱਭਰ ਰਹੀਆਂ ਤਕਨਾਲੋਜੀਆਂ ਅਤੇ ਹੋਰ ਖੇਤਰਾਂ ’ਚ ਦੁਵਲੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਮੋਦੀ ਅਤੇ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਇੱਥੇ ਹੋਫਬਰਗ ਪੈਲੇਸ ਵਿਚ ਇਕ ਗੋਲਮੇਜ਼ ਕਾਰੋਬਾਰੀ ਬੈਠਕ ਵਿਚ ਆਸਟ੍ਰੀਆ ਅਤੇ ਭਾਰਤ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸਾਂਝੇ ਤੌਰ ’ਤੇ ਸੰਬੋਧਨ ਕੀਤਾ। 

ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਬ੍ਰੀਫਿੰਗ ’ਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚਾ, ਨਵਿਆਉਣਯੋਗ ਊਰਜਾ, ਹਰੀ ਪੁਲਾੜ, ਨਵੀਂ ਅਤੇ ਉੱਭਰ ਰਹੀ ਤਕਨਾਲੋਜੀ, ਫਿਨਟੈਕ, ਸਟਾਰਟਅੱਪ ਅਤੇ ਨਵੀਨਤਾ ਸਮੇਤ ਵੱਖ-ਵੱਖ ਖੇਤਰਾਂ ’ਚ ਭਾਰਤੀ ਅਤੇ ਆਸਟ੍ਰੀਆ ਦੀਆਂ ਕੰਪਨੀਆਂ ਦਰਮਿਆਨ ਸਹਿਯੋਗ ਦੀ ਮਹੱਤਵਪੂਰਨ ਸੰਭਾਵਨਾ ’ਤੇ ਚਾਨਣਾ ਪਾਇਆ।

ਇਸ ’ਚ ਕਿਹਾ ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੀਆਂ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਕਰਨ ਦਾ ਸੱਦਾ ਦਿਤਾ। ‘ਇੰਡੀਆ-ਆਸਟ੍ਰੀਆ ਸਟਾਰਟਅੱਪ ਬਿ੍ਰਜ’ ਫ਼ਰਵਰੀ 2024 ’ਚ ਦੋਹਾਂ ਦੇਸ਼ਾਂ ਦਰਮਿਆਨ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਲਈ ਪੇਸ਼ ਕੀਤਾ ਗਿਆ ਸੀ। ਭਾਰਤ-ਆਸਟ੍ਰੀਆ ਦੁਵਲਾ ਵਪਾਰ 2023 (ਜਨਵਰੀ-ਦਸੰਬਰ) ਵਿਚ 2.93 ਅਰਬ ਡਾਲਰ ਸੀ। ਆਸਟ੍ਰੀਆ ਨੂੰ ਭਾਰਤ ਦਾ ਨਿਰਯਾਤ 1.52 ਅਰਬ ਡਾਲਰ ਅਤੇ ਦਰਾਮਦ 1.41 ਅਰਬ ਡਾਲਰ ਰਿਹਾ।

Tags: pm modi

SHARE ARTICLE

ਏਜੰਸੀ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement