
ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ’ਤੇ ਕੀਤਾ ਜਾ ਰਿਹਾ ਹੈ ਵਿਚਾਰ
attack on comedian Kapil Sharma's cafe News : ਕੈਨੇਡਾ ਦੇ ਸਰੀ ਵਿੱਚ ਕਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਦੋ ਵਾਰ ਹੋਈ ਗੋਲੀਬਾਰੀ ਤੋਂ ਬਾਅਦ, ਕੈਨੇਡਾ ਵਿੱਚ ਭਾਰਤੀ ਮੂਲ ਦੇ ਖਤਰਨਾਕ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਜ਼ੋਰ ਫੜ ਗਈ ਹੈ ਅਤੇ ਕੈਨੇਡੀਅਨ ਆਗੂਆਂ ਨੇ ਗੈਂਗਸਟਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਕੈਨੇਡਾ ਦੀ ਮੰਤਰੀ ਰੂਬੀ ਸਹੋਤਾ ਨੇ ਕਿਹਾ ਹੈ ਕਿ ਸਰਕਾਰ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਕੈਨੇਡਾ ’ਚ ਕਈ ਕਤਲਾਂ ਅਤੇ ਫਿਰੌਤੀਆਂ ਦੇ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਸਾਹਮਣੇ ਆਇਆ ਹੈ। ਘਟਨਾਵਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਜ਼ਿੰਮੇਵਾਰੀ ਲੈਣ ਵਾਲੇ ਇਸ ਗੈਂਗ ਦੀ ਦਹਿਸ਼ਤ ਕੈਨੇਡੀਅਨ ਆਗੂਆਂ ਨੂੰ ਵੀ ਸਤਾਉਣ ਲੱਗੀ ਹੈ। ਜਿਸ ਦੇ ਚਲਦਿਆਂ ਇਸ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਜਾ ਰਹੀ ਹੈ। ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਦੋ ਵਾਰ ਹੋਈ ਗੋਲੀਬਾਰੀ ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋ ਗਈ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਸਮੇਤ ਕਈ ਸੀਨੀਅਰ ਆਗੂਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਪੁਲਿਸ ਨੂੰ ਵਾਧੂ ਸ਼ਕਤੀਆਂ ਮਿਲਣਗੀਆਂ। ਜਾਂਚ ਦੌਰਾਨ ਇਨ੍ਹਾਂ ਹਮਲਿਆਂ ਪਿੱਛੇ ਗੈਂਗ-ਅਧਾਰਤ ਗਤੀਵਿਧੀਆਂ ਦਾ ਸ਼ੱਕ ਹੈ, ਜਿਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦਾ ਉਦੇਸ਼ ਦਹਿਸ਼ਤ ਫੈਲਾਉਣਾ ਜਾਂ ਫਿਰੌਤੀ ਲਈ ਦਬਾਅ ਪਾਉਣਾ ਹੋ ਸਕਦਾ ਹੈ।
ਹਰਜੀਤ ਸਿੰਘ ਢੱਡਾ ਦੇ ਕਤਲ ਨੇ ਹੋਰ ਵਧਾਈ ਚਿੰਤਾ
14 ਮਈ 2025 ਨੂੰ ਬਰੈਂਪਟਨ ਦੇ ਕਾਰੋਬਾਰੀ 51 ਸਾਲਾ ਹਰਜੀਤ ਸਿੰਘ ਢੱਡਾ ਨੂੰ ਉਨ੍ਹਾਂ ਦੇ ਮਿਸੀਸਾਗਾ ਦਫਤਰ ਦੀ ਪਾਰਕਿੰਗ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੱਕ ਵੱਡੇ ਟਰੱਕਿੰਗ ਬੀਮਾ ਕਾਰੋਬਾਰੀ, ਢੱਡਾ ਦੀਆਂ ਕੰਪਨੀਆਂ ਟੋਰਾਂਟੋ ਤੋਂ ਅਲਬਰਟਾ ਤੱਕ ਫੈਲੀਆਂ ਹੋਈਆਂ ਸਨ।
ਉਨ੍ਹਾਂ ਦੀ ਧੀ ਗੁਰਲੀਨ ਨੇ ਦੱਸਿਆ ਕਿ 10 ਦਸੰਬਰ 2023 ਨੂੰ ਉਨ੍ਹਾਂ ਜਨਮ ਦਿਨ ਮੌਕੇ 5 ਲੱਖ ਕੈਨੇਡੀਅਨ ਡਾਲਰ (ਲਗਭਗ 3.61 ਕਰੋੜ ਰੁਪਏ) ਦੀ ਫਿਰੌਤੀ ਦੀ ਮੰਗ ਕਰਨ ਵਾਲਾ ਇੱਕ ਫੋਨ ਆਇਆ ਸੀ। ਹਰਜੀਤ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਕੁਝ ਸਮੇਂ ਲਈ ਆਪਣੇ ਘਰ ਤੋਂ ਕੰਮ ਕਰਦੇ ਰਹੇ, ਪਰ ਇਕ ਦਿਨ ਦਫਤਰ ਤੋਂ ਵਾਪਸ ਆਉਣ ਸਮੇਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕਤਲ ਤੋਂ ਕੁਝ ਘੰਟਿਆਂ ਬਾਅਦ, ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨਾਮ ਦੇ ਦੋ ਅਪਰਾਧੀਆਂ ਨੇ ਫੇਸਬੁੱਕ ਪੋਸਟ ਵਿੱਚ ਘਟਨਾ ਦੀ ਜ਼ਿੰਮੇਵਾਰੀ ਲਈ, ਅਤੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ। ਪੁਲਿਸ ਨੇ ਇਸ ਮਾਮਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਪਰ ਪਰਿਵਾਰ ਦਾ ਕਹਿਣਾ ਹੈ ਕਿ ਅਸਲ ਸਾਜ਼ਿਸ਼ਕਰਤਾ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ।