
ਸਿਆਸੀ ਅਤੇ ਫੌਜੀ ਨੇਤਾਵਾਂ ਨਾਲ ਕੀਤੀ ਮੁਲਾਕਾਤ
ਇਸਲਾਮਾਬਾਦ : ਭਾਰਤ ਨਾਲ ਚਾਰ ਦਿਨਾਂ ਤੋਂ ਚੱਲ ਰਹੇ ਸੰਘਰਸ਼ ਤੋਂ ਬਾਅਦ ਦੂਜੀ ਵਾਰ ਵਾਸ਼ਿੰਗਟਨ ਦੇ ਦੌਰੇ ਉਤੇ ਆਏ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੇ ਅਮਰੀਕਾ ਦੇ ਚੋਟੀ ਦੇ ਸਿਆਸੀ ਅਤੇ ਫੌਜੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਫੌਜ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਫੌਜ ਮੁਖੀ (ਸੀ.ਓ.ਏ.ਐਸ.) ਅਮਰੀਕਾ ਦਾ ਅਧਿਕਾਰਤ ਦੌਰਾ ਕਰ ਰਹੇ ਹਨ।
ਬਿਆਨ ਮੁਤਾਬਕ ਫੌਜ ਮੁਖੀ ਨੇ ਸੀਨੀਅਰ ਸਿਆਸੀ ਅਤੇ ਫੌਜੀ ਲੀਡਰਸ਼ਿਪ ਦੇ ਨਾਲ-ਨਾਲ ਪਾਕਿਸਤਾਨੀ ਭਾਈਚਾਰੇ ਦੇ ਮੈਂਬਰਾਂ ਨਾਲ ਉੱਚ ਪੱਧਰੀ ਗੱਲਬਾਤ ਕੀਤੀ। ਅਮਰੀਕਾ ਵਿਚ ਉਸ ਦੇ ਠਹਿਰਨ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਹ ਕਦੋਂ ਪਹੁੰਚੇ।
ਟਾਂਪਾ ’ਚ ਮੁਨੀਰ ਨੇ ਅਮਰੀਕੀ ਸੈਂਟਰਲ ਕਮਾਂਡ (ਸੈਂਟਕਾਮ) ਦੇ ਕਮਾਂਡਰ ਜਨਰਲ ਮਾਈਕਲ ਈ ਕੁਰੀਲਾ ਦੇ ਰਿਟਾਇਰਮੈਂਟ ਸਮਾਰੋਹ ਅਤੇ ਐਡਮਿਰਲ ਬ੍ਰੈਡ ਕੂਪਰ ਦੀ ਕਮਾਂਡ ਬਦਲਣ ਦੇ ਸਮਾਰੋਹ ’ਚ ਹਿੱਸਾ ਲਿਆ। ਫੀਲਡ ਮਾਰਸ਼ਲ ਮੁਨੀਰ ਨੇ ਜਨਰਲ ਕੁਰੀਲਾ ਦੀ ਮਿਸਾਲੀ ਅਗਵਾਈ ਅਤੇ ਦੁਵਲੇ ਫੌਜੀ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਅਨਮੋਲ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਐਡਮਿਰਲ ਕੂਪਰ ਨੂੰ ਸ਼ੁਭਕਾਮਨਾਵਾਂ ਦਿਤੀਆਂ ਅਤੇ ਸਾਂਝੀਆਂ ਸੁਰੱਖਿਆ ਚੁਨੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਜ਼ਾਹਰ ਕੀਤਾ।
ਉਨ੍ਹਾਂ ਨੇ ਚੇਅਰਮੈਨ ਜੁਆਇੰਟ ਚੀਫਸ ਆਫ ਸਟਾਫ ਜਨਰਲ ਡੈਨ ਕੇਨ ਨਾਲ ਵੀ ਮੁਲਾਕਾਤ ਕੀਤੀ, ਜਿੱਥੇ ਆਪਸੀ ਪੇਸ਼ੇਵਰ ਹਿੱਤਾਂ ਦੇ ਮਾਮਲਿਆਂ ਉਤੇ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਨੇ ਜਨਰਲ ਕੇਨ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿਤਾ। ਇਸ ਤੋਂ ਇਲਾਵਾ ਮੁਨੀਰ ਨੇ ਮਿੱਤਰ ਦੇਸ਼ਾਂ ਦੇ ਰੱਖਿਆ ਮੁਖੀਆਂ ਨਾਲ ਗੱਲਬਾਤ ਕੀਤੀ।
ਜੂਨ ’ਚ ਮੁਨੀਰ ਪੰਜ ਦਿਨਾਂ ਦੀ ਦੁਰਲੱਭ ਯਾਤਰਾ ਉਤੇ ਅਮਰੀਕਾ ਗਏ ਸਨ, ਜਿਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਕ ਨਿੱਜੀ ਦੁਪਹਿਰ ਦੇ ਖਾਣੇ ’ਚ ਹਿੱਸਾ ਲਿਆ ਸੀ। ਇਸ ਬੈਠਕ ਦਾ ਸਿੱਟਾ ਟਰੰਪ ਵਲੋਂ ਤੇਲ ਸਮਝੌਤੇ ਸਮੇਤ ਵੱਖ-ਵੱਖ ਖੇਤਰਾਂ ’ਚ ਅਮਰੀਕਾ-ਪਾਕਿਸਤਾਨ ਸਹਿਯੋਗ ਵਧਾਉਣ ਦੇ ਐਲਾਨ ਨਾਲ ਹੋਇਆ।
ਮੁਨੀਰ ਦਾ ਇਹ ਦੌਰਾ ਅਜਿਹੇ ਸਮੇਂ ’ਚ ਹੋਇਆ ਹੈ ਜਦੋਂ ਇਕ ਮਹੀਨੇ ਪਹਿਲਾਂ ਹੀ ਅਮਰੀਕੀ ਜਨਰਲ ਨੇ ਕਾਂਗਰਸ ਦੀ ਸੁਣਵਾਈ ਦੌਰਾਨ ਪਾਕਿਸਤਾਨ ਨੂੰ ਅਤਿਵਾਦ ਵਿਰੋਧੀ ਕੋਸ਼ਿਸ਼ਾਂ ’ਚ ‘ਬੇਮਿਸਾਲ ਭਾਈਵਾਲ’ ਦਸਿਆ ਸੀ, ਜਿੱਥੇ ਉਨ੍ਹਾਂ ਨੇ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਤ ਕਰਨ ’ਚ ਪਾਕਿਸਤਾਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਸੀ।