
ਇਜ਼ਰਾਈਲ ਨੂੰ ਜੰਗਬੰਦੀ ਰੱਦ ਕਰਨ ਦੀ ਦਿਤੀ ਸਲਾਹ
US VS Hamas: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਹਮਾਸ ਸਨਿਚਰਵਾਰ 12 ਵਜੇ ਤੱਕ ਗਾਜ਼ਾ ਦੇ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ ਹੈ ਤਾਂ ਭਾਰੀ ਤਬਾਹੀ ਹੋਵੇਗੀ। ਟਰੰਪ ਨੇ ਇਜ਼ਰਾਈਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਹਮਾਸ ਅਜਿਹਾ ਨਹੀਂ ਕਰਦਾ ਹੈ ਉਸ ਨੂੰ ਜੰਗਬੰਦੀ ਰੱਦ ਕਰ ਦੇਣੀ ਚਾਹੀਦੀ ਹੈ। ਓਵਲ ਦਫ਼ਤਰ ਵਿਚ ਟਰੰਪ ਨੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮਾਸ ਨੂੰ ਪਤਾ ਲੱਗ ਜਾਵੇਗਾ ਕਿ ਮੇਰਾ ਕੀ ਮਤਲਬ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ, 2023 ਨੂੰ ਹਮਾਸ ਦੇ ਅਤਿਵਾਦੀਆਂ ਵਲੋਂ ਬੰਦੀ ਬਣਾਏ ਗਏ 251 ਵਿਅਕਤੀਆਂ ਵਿਚੋਂ 73 ਅਜੇ ਵੀ ਉਨ੍ਹਾਂ ਦੀ ਹਿਰਾਸਤ ਵਿਚ ਹਨ, ਇਜ਼ਰਾਈਲ ਨੇ ਇਨ੍ਹਾਂ ’ਚੋਂ 34 ਨੂੰ ਮ੍ਰਿਤਕ ਐਲਾਨ ਦਿਤਾ ਹੈ ਅਤੇ ਬਾਕੀਆਂ ਨੂੰ ਇਜ਼ਰਾਈਲੀ ਹਿਰਾਸਤ ਵਿਚ ਫ਼ਲਸਤੀਨੀ ਕੈਦੀਆਂ ਦੇ ਬਦਲੇ ਵਿਚ ਛੇ ਹਫ਼ਤਿਆਂ ਦੀ ਜੰਗਬੰਦੀ ਦੇ ਹਿੱਸੇ ਵਜੋਂ ਰਿਹਾਅ ਕੀਤਾ ਗਿਆ ਹੈ।
ਇਨ੍ਹਾਂ ਬੰਦੀਆਂ ਵਿਚੋਂ ਆਖ਼ਰੀ ਸਮੂਹ ਨੂੰ ਹਮਾਸ ਨੇ ਪਿਛਲੇ ਸਨਿਚਰਵਾਰ ਨੂੰ 183 ਫ਼ਲਸਤੀਨੀ ਕੈਦੀਆਂ ਦੇ ਬਦਲੇ ਰਿਹਾਅ ਕੀਤਾ ਸੀ। ਰਿਹਾਅ ਕੀਤੇ ਗਏ ਬੰਧਕਾਂ ਦੀ ਸਥਿਤੀ ਨੂੰ ਇਜ਼ਰਾਈਲ ਵਲੋਂ “ਹੈਰਾਨੀਯੋਗ”ਦਸਿਆ। ਰਾਸ਼ਟਰਪਤੀ ਟਰੰਪ ਨੇ ਨਿਊਜ਼ ਬ੍ਰੀਫਿੰਗ ਵਿਚ ਕਿਹਾ ਕਿ ਬੰਧਕਾਂ ਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਨਰਕ ਤੋਂ ਬਾਹਰ ਆ ਗਏ ਹੋਣ। ਹੁਣ ਟਰੰਪ ਨੇ ਫਿਰ ਸਨਿਚਰਵਾਰ ਦੀ ਸਮਾਂ ਸੀਮਾ ਜਾਰੀ ਕੀਤੀ।