ਸੁਪ੍ਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਨੂੰ ਦਸਿਆ ਗ਼ੈਰ-ਕਾਨੂੰਨੀ
ਇਸਲਾਮਾਬਾਦ: ਪਾਕਿਸਤਾਨ ਦੀ ਸੁਪ੍ਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ ਹੈ। ਇਮਰਾਨ ਖਾਨ ਨੂੰ ਮੰਗਲਵਾਰ ਨੂੰ ਅਲ ਕਾਦਿਰ ਟਰੱਸਟ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਪ੍ਰੀਮ ਕੋਰਟ ਨੇ ਸਖ਼ਤ ਲਹਿਜੇ ਵਿਚ ਕਿਹਾ ਹੈ ਕਿ ਇਮਰਾਨ ਦੀ ਅਦਾਲਤ ਕੰਪਲੈਕਸ ਤੋਂ ਗ੍ਰਿਫ਼ਤਾਰੀ ਸ਼ਰਮਨਾਕ ਹੈ। ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦਸਦੇ ਹੋਏ ਚੀਫ਼ ਜਸਟਿਸ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੂੰ ਇਮਰਾਨ ਨੂੰ ਤੁਰਤ ਰਿਹਾਅ ਕਰਨ ਲਈ ਕਿਹਾ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਇਮਰਾਨ ਖ਼ਾਨ ਨੂੰ ਰਿਹਾਅ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਲਈ ਅਗਲੇ 72 ਘੰਟੇ ਅਹਿਮ, ਫੌਜ 'ਚ ਵੀ ਭੜਕੀ ਬਗਾਵਤ ਦੀ ਅੱਗ
ਸੁਪ੍ਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਸ਼ੁਕਰਵਾਰ (12 ਮਈ) ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਪੇਸ਼ ਹੋਣ ਲਈ ਕਿਹਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਚੀਫ਼ ਜਸਟਿਸ ਦੀ ਬੈਂਚ ਨੇ ਕਿਹਾ ਕਿ ਤੁਹਾਨੂੰ (ਇਮਰਾਨ ਖ਼ਾਨ ਨੂੰ) ਹਾਈ ਕੋਰਟ ਦੇ ਫ਼ੈਸਲੇ ਨੂੰ ਮੰਨਣਾ ਹੋਵੇਗਾ। ਰਿਹਾਈ ਤੋਂ ਬਾਅਦ ਇਮਰਾਨ ਖ਼ਾਨ ਨੇ ਕਿਹਾ, ‘ਰਿਮਾਂਡ ਦੌਰਾਨ ਮੈਨੂੰ ਡੰਡਿਆਂ ਨਾਲ ਮਾਰਿਆ ਗਿਆ ਅਤੇ ਮੈਨੂੰ ਹਾਈ ਕੋਰਟ ਤੋਂ ਅਗਵਾ ਕੀਤਾ ਗਿਆ ਸੀ’।
ਇਹ ਵੀ ਪੜ੍ਹੋ: ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਸਿਰ ਸੀ ਪੰਜ ਲੱਖ ਦਾ ਕਰਜ਼ਾ
ਚੀਫ਼ ਜਸਟਿਸ ਨੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਨਏਬੀ ਨੂੰ ਵੀ ਫਿਟਕਾਰ ਲਗਾਈ ਹੈ। ਸੁਣਵਾਈ ਦੌਰਾਨ ਤਿੰਨ ਜੱਜਾਂ ਦੀ ਬੈਂਚ ਨੇ ਮੰਨਿਆ ਕਿ ਐਨਏਬੀ ਨੇ ਅਦਾਲਤ ਦਾ ਅਪਮਾਨ ਕੀਤਾ ਹੈ। ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਇਮਰਾਨ ਖ਼ਾਨ ਦੀ ਅਦਾਲਤ 'ਚੋਂ ਗ੍ਰਿਫ਼ਤਾਰੀ 'ਤੇ ਸਵਾਲ ਉਠਾਏ। ਇਸ ਦੇ ਨਾਲ ਹੀ, ਸੁਪ੍ਰੀਮ ਕੋਰਟ (ਐਸਸੀ) ਨੇ ਵੀਰਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੂੰ ਪੀਟੀਆਈ ਚੇਅਰਮੈਨ ਇਮਰਾਨ ਖਾਨ ਨੂੰ ਇਕ ਘੰਟੇ ਦੇ ਅੰਦਰ ਅਦਾਲਤ ਵਿਚ ਪੇਸ਼ ਕਰਨ ਦਾ ਨਿਰਦੇਸ਼ ਦਿਤਾ। ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਚੀਫ਼ ਜਸਟਿਸ ਨੇ ਪੀਟੀਆਈ ਮੁਖੀ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ।
ਇਹ ਵੀ ਪੜ੍ਹੋ: ਸਮਲਿੰਗੀ ਵਿਆਹ ਮਾਮਲਾ: 10 ਦਿਨ ਦੀ ਸੁਣਵਾਈ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ ਰਖਿਆ
ਸੁਪ੍ਰੀਮ ਕੋਰਟ ਤੋਂ ਇਲਾਵਾ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਦੇ ਤਰੀਕੇ 'ਤੇ ਇਤਰਾਜ਼ ਜਤਾਇਆ ਸੀ। ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਇਮਰਾਨ ਖਾਨ ਨੂੰ ਜਿਸ ਤਰ੍ਹਾਂ ਨਾਲ ਅਦਾਲਤੀ ਕੰਪਲੈਕਸ 'ਚੋਂ ਗ੍ਰਿਫ਼ਤਾਰ ਕੀਤਾ ਗਿਆ, ਉਸ ਨਾਲ ਦੇਸ਼ ਦਾ ਅਕਸ ਖਰਾਬ ਹੋਇਆ ਹੈ। ਕੌਮਾਂਤਰੀ ਪਧਰ ’ਤੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਡਾ. ਇੰਦਰਬੀਰ ਨਿੱਜਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਲਈ ਸੋਧੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਦੀ ਕੀਤੀ ਸ਼ੁਰੂਆਤ ਕੀਤੀ
ਦੂਜੇ ਪਾਸੇ ਸ਼ਾਹਬਾਜ਼ ਸ਼ਰੀਫ ਸਰਕਾਰ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ ਸੁਪ੍ਰੀਮ ਕੋਰਟ ਦੇ ਫੈਸਲੇ 'ਤੇ ਸਵਾਲ ਉਠਾਏ। ਮਰੀਅਮ ਔਰੰਗਜ਼ੇਬ ਨੇ ਕਿਹਾ- 'ਸੁਪ੍ਰੀਮ ਕੋਰਟ ਇਕ ਦਹਿਸ਼ਤਗਰਦ ਨੂੰ ਸ਼ਹਿ ਦੇ ਰਹੀ ਹੈ। 9 ਨੂੰ ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਸਾਜ਼ਸ਼ ਤਹਿਤ ਹਿੰਸਾ ਫੈਲਾਈ ਗਈ। ਫ਼ੌਜ 'ਤੇ ਹਮਲਾ ਕੀਤਾ ਗਿਆ। ਅਜਿਹੇ 'ਚ ਸਿਰਫ 48 ਘੰਟਿਆਂ 'ਚ ਸੁਪ੍ਰੀਮ ਕੋਰਟ ਦੇ ਪੇਟ 'ਚ ਦਰਦ ਸਮਝ ਤੋਂ ਬਾਹਰ ਹੈ’।