
ਜਹਾਜ਼ ’ਤੇ ਲਗਭਗ 260 ਸੋਮਾਲੀ ਅਤੇ ਇਥੋਪੀਆ ਦੇ ਨਾਗਰਿਕ ਸਵਾਰ ਸਨ
ਕਾਹਿਰਾ: ਯਮਨ ਦੇ ਸਮੁੰਦਰੀ ਕੰਢੇ ’ਤੇ ਇਕ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਅਤੇ 140 ਹੋਰ ਲਾਪਤਾ ਹਨ। ਸੰਯੁਕਤ ਰਾਸ਼ਟਰ ਦੇ ਪ੍ਰਵਾਸੀ ਸੰਗਠਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਸੰਗਠਨ ਦੇ ਇਕ ਬਿਆਨ ਮੁਤਾਬਕ ਜਹਾਜ਼ ’ਤੇ ਲਗਭਗ 260 ਸੋਮਾਲੀ ਅਤੇ ਇਥੋਪੀਆ ਦੇ ਨਾਗਰਿਕ ਸਵਾਰ ਸਨ। ਇਹ ਜਹਾਜ਼ ਸੋਮਾਲੀਆ ਦੇ ਉੱਤਰੀ ਤੱਟ ਤੋਂ ਅਦਨ ਦੀ ਖਾੜੀ ਤਕ 320 ਕਿਲੋਮੀਟਰ ਦੀ ਯਾਤਰਾ ’ਤੇ ਸੀ ਜਦੋਂ ਇਹ ਮੰਗਲਵਾਰ ਨੂੰ ਯਮਨ ਦੇ ਦਖਣੀ ਤੱਟ ’ਤੇ ਡੁੱਬ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਹੁਣ ਤਕ 71 ਲੋਕਾਂ ਨੂੰ ਬਚਾਇਆ ਗਿਆ ਹੈ। ਮ੍ਰਿਤਕਾਂ ’ਚ 31 ਔਰਤਾਂ ਅਤੇ 6 ਬੱਚੇ ਸ਼ਾਮਲ ਹਨ।