
ਇਸ ਤੋਂ ਵਿਦਿਆਰਥੀ ਵੀਜ਼ਾ ਅਰਜ਼ੀਆਂ, ਵਰਕ ਵੀਜ਼ਾ ਅਰਜ਼ੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਅਸਥਾਈ ਵੀਜ਼ਾ ਅਰਜ਼ੀਆਂ ਸ਼ਾਮਲ ਸਨ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 50,000 ਅਸਥਾਈ ਵੀਜ਼ਾ ਅਰਜ਼ੀਆਂ ਸੰਭਾਵੀ ਕਰੋਨਾ-ਆਮਦ ਦੀ ਆੜ ਵਿਚ ਕੈਂਸਿਲ ਕਰ ਦਿਤੀਆਂ ਹਨ। ਇਨ੍ਹਾਂ ਵਿਚ ਵਿਜ਼ਟਰ ਵੀਜ਼ਾ ਅਰਜ਼ੀਆਂ ਜਿਨ੍ਹਾਂ ਨੇ ਇਥੇ ਆ ਕੇ ਅਪਣੇ ਜੀਵਨ ਸਾਥੀ ਨਾਲ ਰਹਿਣਾ ਸੀ, ਜਿਸ ਵਿਚ ਵਿਆਹੀਆਂ ਕੁੜੀਆਂ ਅਤੇ ਵਿਆਹੇ ਮੁੰਡੇ ਜਾਂ ਫਿਰ ਚਿਰਾਂ ਤੋਂ ਪਾਰਟਨਟਰ ਵੀਜ਼ਾ ਉਡੀਕ ਰਹੇ ਲੋਕ ਸਨ
New Zealand
ਇਸ ਤੋਂ ਵਿਦਿਆਰਥੀ ਵੀਜ਼ਾ ਅਰਜ਼ੀਆਂ, ਵਰਕ ਵੀਜ਼ਾ ਅਰਜ਼ੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਅਸਥਾਈ ਵੀਜ਼ਾ ਅਰਜ਼ੀਆਂ ਸ਼ਾਮਲ ਸਨ। ਸਰਕਾਰ ਨੇ ਹੁਣ ਇਹ ਸਪਸ਼ਟ ਕਰ ਦਿਤਾ ਹੈ ਕਿ ਉਹ ਸਾਰੇ ਬਿਨੈਕਾਰਾਂ ਤੋਂ ਲਈਆਂ ਫ਼ੀਸਾਂ ਮੋੜ ਦੇਵੇਗੀ। ਨਵੇਂ ਵਿਆਹਿਆਂ ਦੀ ਗੱਲ ਕਰੀਏ ਤਾਂ ਇਥੇ ਰਹਿੰਦੇ ਪ੍ਰਵਾਰਾਂ ਨੂੰ ਅਪਣੇ ਆਉਣ ਵਾਲੇ ਪ੍ਰਾਹੁਣੇ (ਜਵਾਈ) ਦਾ ਜਾਂ ਅਪਣੀ ਆਉਣ ਵਾਲੀ ਨੂੰਹ (ਗੁੱਡੀ) ਦਾ ਕਿੰਨਾ ਚਾਅ ਹੋਣਾ ਸੀ, ਸੱਭ ਕਰੋਨਾ ਦੀ ਮਾਰ ਹੇਠ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਮਾਰ ਕੇ ਰੱਖ ਦਿਤਾ ਹੈ।
New Zealand
ਪਿਆਰ ਵਿਆਹਾਂ ਤੋਂ ਇਲਾਵਾ ਘਰਦਿਆਂ ਦੀ ਮਰਜ਼ੀ ਨਾਲ ਜਾਂ ਵਿਚੋਲਿਆਂ ਦੀ ਵਿਚੋਲਗੀ ਨਾਲ ਹੋਏ ਵਿਆਹਾਂ (ਅਰੇਂਜਡ ਮੈਰਿਜ਼) ਦੇ ਵਿਚ ਇਕ ਦੂਜੇ ਨਾਲ ਸਮਾਂ ਬਿਤਾਉਣ ਵਾਲੀ ਸ਼ਰਤ ਵੀ ਇਕ ਤਰ੍ਹਾਂ ਅੱਜ ਕੱਲ੍ਹ ਸਭ ਅਰਜ਼ੀਦਾਤਾਵਾਂ ਦਾ ਮੂੰਹ ਚਿੜਾ ਰਹੀ ਹੈ, ਕਿਉਂਕਿ ਕਰੋਨਾ ਦੇ ਚਲਦਿਆਂ ਸਰਹੱਦਾਂ ਬੰਦ ਹਨ, ਫਲਾਈਟਾਂ ਬੰਦ ਹਨ, ਪਰ ਸਰਕਾਰ ਉਸ ਸ਼ਰਤ ਦੇ ਅਧਾਰ ਉਤੇ ਵੀ ਵੀਜ਼ਾ ਅਰਜ਼ੀਆਂ ਵਾਪਿਸ ਕਰੀ ਜਾ ਰਹੀ ਹੈ ਜਾਂ ਫਿਰ ਵੀਜੇ ਤੋਂ ਨਾਂਹ ਕਰੀ ਜਾ ਰਹੀ ਹੈ।
Coronavirus
ਸੋ ਨਿਊਜ਼ੀਲੈਂਡ ਦੇ ਵਿਚ ਕਿਸੇ ਨੇ ਪ੍ਰਾਹੁਣਾ ਬਣ ਕੇ ਅਤੇ ਕਿਸੇ ਨੇ ਗੁੱਡੀ ਬਣ ਕੇ ਆਉਣ ਸੀ ਪਰ ਸਭ ਕੁਝ ਅਣਮਿੱਥੇ ਸਮੇਂ ਦੀ ਹੜਤਾਲ ਵਾਂਗ ਹੋ ਕੇ ਰਹਿ ਗਿਆ ਹੈ। ਬਹੁਤ ਸਾਰੇ ਲੋਕਾਂ ਦੇ ਮਾਪੇ ਢਲਦੀ ਉਮਰੇ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਚਾਹੁੰਦੇ ਹਨ, ਉਹ ਵੀ ਇਕ ਤੜਫਨਾ ਬਣ ਕੇ ਰਹਿ ਗਿਆ ਹੈ। ਇਧਰ ਵਾਲੇ ਉਧਰ ਜਾ ਕੇ ਵਾਪਿਸ ਨਹੀਂ ਛੇਤੀਂ ਮੁੜ ਸਕਦੇ ਅਤੇ ਉਧਰ ਵਾਲਿਆਂ ਦੇ ਲਈ ਇਧਰ ਆਉਣ ਦੇ ਲਈ ਕੋਈ ਰਾਹ ਹੀ ਨਹੀਂ ਨਿਕਲ ਰਿਹਾ।