
ਸਾਰੇ 276 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
Saudi Arab Plane fire : ਪਾਕਿਸਤਾਨ ਦੇ ਪੇਸ਼ਾਵਰ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਸਾਊਦੀ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ। ਜਹਾਜ਼ ਵਿੱਚ 276 ਯਾਤਰੀ ਅਤੇ 21 ਚਾਲਕ ਦਲ ਦੇ ਮੈਂਬਰ ਸਵਾਰ ਸਨ। ਅੱਗ ਲੱਗਣ ਤੋਂ ਤੁਰੰਤ ਬਾਅਦ ਸਾਰੇ ਯਾਤਰੀਆਂ ਅਤੇ ਕੈਬਿਨ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਦਰਅਸਲ 'ਚ ਬੁੱਧਵਾਰ ਨੂੰ ਜਦੋਂ ਸਾਊਦੀ ਏਅਰਲਾਈਨਜ਼ 792 ਜਹਾਜ਼ ਪੇਸ਼ਾਵਰ ਹਵਾਈ ਅੱਡੇ 'ਤੇ ਉਤਰਿਆ ਤਾਂ ਉਸ 'ਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਤੋਂ ਬਾਅਦ ਹਵਾਈ ਅੱਡੇ 'ਤੇ ਹੜਕੰਪ ਮਚ ਗਿਆ। ਹਵਾਈ ਆਵਾਜਾਈ ਕੰਟਰੋਲਰ ਨੇ ਪਾਇਲਟ ਨੂੰ ਇਸ ਦੀ ਸੂਚਨਾ ਦਿੱਤੀ।
ਹਵਾਈ ਅੱਡੇ ਦੀ ਫਾਇਰ ਬ੍ਰਿਗੇਡ ਅਤੇ ਬਚਾਅ ਦਲ ਨੂੰ ਉੱਥੇ ਭੇਜਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਮੇਂ ਸਿਰ ਅੱਗ 'ਤੇ ਕਾਬੂ ਪਾਇਆ। ਇਸ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਦੇ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ ਗਿਆ।
ਇਹ ਜਹਾਜ਼ ਸਾਊਦੀ ਅਰਬ ਦੇ ਰਿਆਦ ਤੋਂ ਪੇਸ਼ਾਵਰ ਆਇਆ ਸੀ। ਇਸ ਜਹਾਜ਼ 'ਚ 276 ਯਾਤਰੀ ਅਤੇ 21 ਕੈਬਿਨ ਕਰੂ ਮੈਂਬਰ ਸਵਾਰ ਸਨ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।