
ਉਡਾਨ ਨੂੰ ਅਲਾਸਕਾ ਵਲ ਮੋੜਿਆ ਗਿਆ
ਨਵੀਂ ਦਿੱਲੀ: ਬੇਂਗਲੁਰੂ ਤੋਂ ਅਮਰੀਕਾ ਦੇ ਸਾਨ ਫ਼ਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਤਕਨੀਕੀ ਗੜਬੜੀ ਕਾਰਨ ਅਮਰੀਕੀ ਸੂਬੇ ਅਲਾਸਕਾ ਦੇ ਇਕ ਸ਼ਹਿਰ ਵਲ ਮੋੜ ਦਿਤਾ ਗਿਆ। ਜਹਾਜ਼ ’ਚ 280 ਮੁਸਾਫ਼ਰ ਸਵਾਰ ਸਨ। ਹਵਾਬਾਜ਼ੀ ਕੰਪਨੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਕਿਹਾ ਕਿ ਗੜਬੜੀ ਨੂੰ ਦੂਰ ਕੀਤੇ ਜਾਣ ਤੋਂ ਬਾਅਦ ਉਡਾਨ ਨੰਬਰ ਏ.ਆਈ. 175 ਮੰਜ਼ਿਲ ਵਲ ਰਵਾਨਾ ਹੋਇਆ ਅਤੇ ਜਹਾਜ਼ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸਾਨ ਫ਼ਰਾਂਸਿਸਕੋ ਪੁੱਜਿਆ।
ਇਸ ਉਡਾਨ ਦਾ ਸੰਚਾਲਨ ਬੀ777 ਜਹਾਜ਼ ਜ਼ਰੀਏ ਕੀਤਾ ਗਿਆ ਸੀ, ਜਿਸ ’ਚ ਸਾਨ ਫ਼ਰਾਂਸਿਸਕੋ ਜਾਂਦੇ ਸਮੇਂ ਕੋਈ ਤਕਨੀਕੀ ਗੜਬੜੀ ਪੈਦਾ ਹੋ ਗਈ, ਜਿਸ ਕਾਰਨ ਇਸ ਨੂੰ ਅਲਾਸਕਾ ਦੇ ਇਕ ਸ਼ਹਿਰ ਇੰਕੋਰੇਜ ਵਲ ਮੋੜ ਦਿਤਾ ਗਿਆ।
ਜਹਾਜ਼ ’ਚ 280 ਤੋਂ ਵੱਧ ਲੋਕ ਸਵਾਰ ਸਨ ਅਤੇ ਬਾਅਦ ’ਚ ਜਹਾਜ਼ ਤੈਅ ਸਮੇਂ ’ਚ ਲਗਭਗ ਚਾਰ ਘੰਟੇ ਦੀ ਦੇਰੀ ਨਾਲ ਅਪਣੀ ਮੰਜ਼ਿਲ ’ਤੇ ਪੁੱਜਾ। ਆਮ ਤੌਰ ’ਤੇ, ਬੇਂਗਲੁਰੂ ਤੋਂ ਸਾਨ ਫ਼ਰਾਂਸਿਸਕੋ ਤਕ ਦੀ ਉਡਾਨ ਦਾ ਸਮਾਂ ਲਗਭਗ 16 ਘੰਟੇ ਹੁੰਦਾ ਹੈ। ਏਅਰ ਇੰਡੀਆ ਨੇ ਇਸ ਬਾਬਤ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।