ਬੈਠਣ ਦੀ ਸਮਰੱਥਾ ਮੌਜੂਦਾ 8,000 ਤੋਂ ਵਧਾ ਕੇ 24,000 ਕਰਨ ਦਾ ਟੀਚਾ
ਲਾਹੌਰ : ਪਾਕਿਸਤਾਨੀ ਪੰਜਾਬ ਦੀ ਸੂਬਾ ਸਰਕਾਰ ਨੇ ਭਾਰਤ ਨਾਲ ਲਗਦੀ ਕੌਮਾਂਤਰੀ ਸਰਹੱਦ ’ਤੇ ‘ਵਾਹਗਾ ਜੁਆਇੰਟ ਚੈੱਕ ਪੋਸਟ ਵਿਸਥਾਰ ਪ੍ਰਾਜੈਕਟ’ ਦੀ ਰਸਮੀ ਸ਼ੁਰੂਆਤ ਕੀਤੀ ਹੈ, ਜਿਸ ਦਾ ਮੁੱਖ ਉਦੇਸ਼ ਦਰਸ਼ਕਾਂ ਲਈ ਵਧੇਰੇ ਬੈਠਣ ਦੀ ਜਗ੍ਹਾ ਪ੍ਰਦਾਨ ਕਰਨਾ ਹੈ। ਇਕ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਬੈਠਣ ਦੀ ਸਮਰੱਥਾ ਮੌਜੂਦਾ 8,000 ਤੋਂ ਵਧਾ ਕੇ 24,000 ਕਰਨ ਦਾ ਟੀਚਾ ਹੈ। ਇਸ ਪ੍ਰਾਜੈਕਟ ’ਤੇ 3 ਅਰਬ ਪਾਕਿਸਤਾਨੀ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ ਅਤੇ ਪੂਰਾ ਕਰਨ ਦੀ ਅੰਤਿਮ ਮਿਤੀ ਦਸੰਬਰ 2025 ਹੈ। ਇਸ ਪ੍ਰਾਜੈਕਟ ਦਾ ਉਦੇਸ਼ ਕਥਿਤ ਤੌਰ ’ਤੇ ਭਾਰਤ ਵਾਲੇ ਪਾਸੇ ਦਰਸ਼ਕਾਂ ਨੂੰ ਮਿਲਣ ਦੀ ਸਮਰੱਥਾ ਦਾ ਵਿਸਥਾਰ ਕਰਨਾ ਹੈ।
ਬੈਠਣ ਦੀ ਸਮਰੱਥਾ ਤੋਂ ਇਲਾਵਾ, ਵਾਹਗਾ ਸਰਹੱਦ ਦੇ ਇਤਿਹਾਸ ਨੂੰ ਦਰਸਾਉਂਦਾ ਇਕ ਅਤਿ ਆਧੁਨਿਕ ਇਤਿਹਾਸਕ ਅਜਾਇਬ ਘਰ, ਵੀ.ਵੀ.ਆਈ.ਪੀ.ਜ਼ ਲਈ ਆਰਾਮ ਘਰ ਅਤੇ ਗ੍ਰੀਨ ਰੂਮ ਵੀ ਬਣਾਏ ਜਾਣਗੇ। ਸੁਰੱਖਿਆ ਸਖਤ ਕਰ ਦਿਤੀ ਜਾਵੇਗੀ। ਇਸ ਪ੍ਰਾਜੈਕਟ ਦੇ ਤਹਿਤ ਦੁਨੀਆਂ ਦੀ ਪੰਜਵੀਂ ਸੱਭ ਤੋਂ ਉੱਚੀ ਝੰਡਾ ਪੋਸਟ ਦੀ ਉਚਾਈ 115 ਮੀਟਰ ਤੋਂ ਵਧਾ ਕੇ 135 ਮੀਟਰ ਕੀਤੀ ਜਾਵੇਗੀ, ਜਿਸ ਨਾਲ ਇਹ ਦੁਨੀਆਂ ਦਾ ਤੀਜਾ ਸੱਭ ਤੋਂ ਉੱਚਾ ਫਲੈਗਪੋਲ ਬਣ ਜਾਵੇਗਾ।