
ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਿਕ ਹੜ੍ਹਾਂ ਕਾਰਨ ਪਾਕਿਸਤਾਨ ਨੂੰ 40 ਅਰਬ ਅਮਰੀਕੀ ਡਾਲਰ ਤੱਕ ਦੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰਾਚੀ (ਪਾਕਿਸਤਾਨ) - ਤਬਾਹਕੁੰਨ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਅਤੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨ ਲਈ, ਚਾਰ ਸਾਲਾਂ ਤੋਂ ਵੱਧ ਸਮੇਂ ਬਾਅਦ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜ਼ਈ ਆਪਣੇ ਦੇਸ਼ ਦੇ ਪਹਿਲੇ ਦੌਰੇ 'ਤੇ ਪਾਕਿਸਤਾਨ ਪਹੁੰਚੀ। ਜੂਨ ਦੇ ਅੱਧ ਤੋਂ ਸ਼ੁਰੂ ਹੋਈਆਂ ਬਾਰਿਸ਼ਾਂ ਪਾਕਿਸਤਾਨ 'ਚ ਗੰਭੀਰ ਹੜ੍ਹਾਂ ਦਾ ਕਾਰਨ ਬਣੀਆਂ, ਜਿਨ੍ਹਾਂ ਵਿੱਚ 1,700 ਤੋਂ ਵੱਧ ਲੋਕ ਮਾਰੇ ਗਏ, 3.3 ਕਰੋੜ ਲੋਕ ਬੇਘਰ ਹੋਏ ਅਤੇ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ 'ਚ ਡੁੱਬ ਗਿਆ।
ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਿਕ ਹੜ੍ਹਾਂ ਕਾਰਨ ਪਾਕਿਸਤਾਨ ਨੂੰ 40 ਅਰਬ ਅਮਰੀਕੀ ਡਾਲਰ ਤੱਕ ਦੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਸੁਫ਼ਜ਼ਈ ਦੀ ਗ਼ੈਰ-ਲਾਭਕਾਰੀ ਸੰਸਥਾ 'ਮਲਾਲਾ ਫ਼ੰਡ' ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੀ ਯਾਤਰਾ ਦਾ ਉਦੇਸ਼ 'ਪਾਕਿਸਤਾਨ ਵਿੱਚ ਹੜ੍ਹਾਂ ਦੇ ਅਸਰ ਵੱਲ੍ਹ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਦਿਵਾਉਣਾ ਅਤੇ ਮਹੱਤਵਪੂਰਨ ਮਨੁੱਖੀ ਮਦਦ ਦੀ ਲੋੜ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਾ' ਸੀ।
ਇਸ ਤੋਂ ਪਹਿਲਾਂ, ਮਲਾਲਾ ਫ਼ੰਡ ਨੇ ਹੜ੍ਹ ਰਾਹਤ ਦੇ ਯਤਨਾਂ ਅਤੇ 'ਪਾਕਿਸਤਾਨ ਵਿੱਚ ਲੜਕੀਆਂ ਅਤੇ ਔਰਤਾਂ ਦੀ ਭਲਾਈ' ਦਾ ਸਮਰਥਨ ਕਰਨ ਲਈ ਅੰਤਰਰਾਸ਼ਟਰੀ ਬਚਾਅ ਕਮੇਟੀ (IRC) ਨੂੰ ਇੱਕ ਐਮਰਜੈਂਸੀ ਰਾਹਤ ਗਰਾਂਟ ਜਾਰੀ ਕੀਤੀ ਸੀ। ਯੂਸੁਫ਼ਜ਼ਈ (25) ਨੇ ਆਪਣੀ ਵੈੱਬਸਾਈਟ 'ਚ ਕਿਹਾ, ''ਪਾਕਿਸਤਾਨ 'ਚ ਤਬਾਹੀ ਅਤੇ ਰਾਤੋ-ਰਾਤ ਲੱਖਾਂ ਲੋਕਾਂ ਦੀ ਜ਼ਿੰਦਗੀ ਤਬਾਹ ਹੁੰਦੀ ਦੇਖ ਕੇ ਮੇਰਾ ਦਿਲ ਟੁੱਟ ਗਿਆ ਹੈ। ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਨਾ ਸਿਰਫ਼ ਖੁੱਲ੍ਹੇ ਦਿਲ ਨਾਲ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕਰਦੀ ਹਾਂ, ਸਗੋਂ ਜਲਵਾਯੂ ਪਰਿਵਰਤਨ ਨੂੰ ਰੋਕਣ ਅਤੇ ਇੱਕ ਜਲਵਾਯੂ-ਵਿੱਤੀ ਤੰਤਰ ਸਥਾਪਿਤ ਕਰਨ ਲਈ ਨੀਤੀਆਂ 'ਤੇ ਤੁਰੰਤ ਕਾਰਵਾਈ ਕਰਨ ਲਈ ਵੀ ਬੇਨਤੀ ਕਰਦੀ ਹਾਂ।''
ਯੂਸੁਫ਼ਜ਼ਈ ਨੇ ਆਖਰੀ ਵਾਰ ਪਾਕਿਸਤਾਨ ਦਾ ਦੌਰਾ ਮਾਰਚ 2018 ਵਿੱਚ ਕੀਤਾ ਸੀ। ਅਕਤੂਬਰ 2012 ਵਿੱਚ ਸਵਾਤ ਜ਼ਿਲ੍ਹੇ ਵਿੱਚ ਤਾਲਿਬਾਨ ਦੇ ਹਮਲੇ ਤੋਂ ਬਚਣ ਤੋਂ ਬਾਅਦ, ਇਹ ਮਲਾਲਾ ਦੀ ਦੂਜੀ ਪਾਕਿਸਤਾਨ ਯਾਤਰਾ ਹੈ। ਹਮਲੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਬਰਮਿੰਘਮ (ਬ੍ਰਿਟੇਨ) ਦੇ ਇੱਕ ਵਿਸ਼ੇਸ਼ ਹਸਪਤਾਲ 'ਚ ਲਿਜਾਇਆ ਗਿਆ। ਠੀਕ ਹੋਣ ਤੋਂ ਬਾਅਦ ਯੂਸੁਫ਼ਜ਼ਈ ਨੇ ਐਲਾਨ ਕੀਤਾ ਸੀ ਕਿ ਉਹ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਅੰਦੋਲਨ ਸ਼ੁਰੂ ਕਰੇਗੀ। ਦਸੰਬਰ 2014 ਵਿੱਚ, ਯੂਸੁਫ਼ਜ਼ਈ 17 ਸਾਲ ਦੀ ਉਮਰ ਵਿੱਚ ਨੋਬਲ ਪੁਰਸਕਾਰ ਦਾ ਸਨਮਾਨ ਹਾਸਲ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਜੇਤੂ ਬਣੀ।