
ਭਾਰਤ ਵਿੱਚ ਰਹਿ ਰਹੇ ਮਾਪਿਆਂ ਲਈ 300,000 ਅਮਰੀਕੀ ਡਾਲਰ ਤੋਂ ਵੱਧ ਦੀ ਸਹਾਇਤਾ ਰਾਸ਼ੀ ਕੀਤੀ ਗਈ ਇਕੱਤਰ
ਸੈਨ ਫ਼ਰਾਂਸਿਸਕੋ - ਅੱਠ ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੀ ਅਗਵਾ ਕਰਕੇ ਹੱਤਿਆ ਕਰਨ ਦੇ ਮਾਮਲੇ 'ਚ ਸ਼ਾਮਲ ਇੱਕ ਵਿਅਕਤੀ ‘ਤੇ ਕਤਲ ਦੇ ਚਾਰ ਦੋਸ਼ ਲਗਾਏ ਗਏ ਹਨ। ਮੁਲਜ਼ਮ ਜੀਜ਼ਸ ਸਲਗਾਡੋ ਕਈ ਸਾਲ ਪਹਿਲਾਂ ਇਸ ਪਰਿਵਾਰ ਦੀ ਟਰੱਕ ਕੰਪਨੀ ਵਿੱਚ ਕੰਮ ਕਰਦਾ ਸੀ। ਮੁਲਜ਼ਮ ਨੇ ਅੱਠ ਮਹੀਨਿਆਂ ਦੀ ਅਰੂਹੀ ਧੇਰੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਉਸ ਦੇ ਪਿਤਾ 36 ਸਾਲਾ ਜਸਦੀਪ ਸਿੰਘ, ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ।
ਜੀਜ਼ਸ ਸਲਗਾਡੋ 'ਤੇ ਦੋਸ਼ ਹੈ ਕਿ ਉਸ ਨੇ 3 ਅਕਤੂਬਰ ਨੂੰ ਬੰਦੂਕ ਦੀ ਨੋਕ 'ਤੇ ਪਰਿਵਾਰ ਨੂੰ ਅਗਵਾ ਕੀਤਾ। ਸਲਗਾਡੋ ਨੂੰ 6 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਤਾ ਲੱਗਿਆ ਹੈ ਕਿ ਉਸ 'ਤੇ 'ਫ਼ਸਟ ਡਿਗਰੀ ਕਤਲ' ਦੇ ਚਾਰ ਦੋਸ਼ ਲਗਾਏ ਗਏ।
ਮਰਸਡ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਇੱਕ ਪ੍ਰੈੱਸ ਰੀਲੀਜ਼ ਵਿੱਚ ਕਿਹਾ ਕਿ ਉਹ ਹਾਲੇ ਫ਼ੈਸਲਾ ਨਹੀਂ ਕਰੇਗਾ ਕਿ 48 ਸਾਲਾ ਸਲਗਾਡੋ ਦੇ ਕੇਸ ਵਿੱਚ ਮੌਤ ਦੀ ਸਜ਼ਾ ਦੀ ਬੇਨਤੀ ਕੀਤੀ ਜਾਵੇ ਜਾਂ ਨਹੀਂ। ਜ਼ਿਲ੍ਹਾ ਅਟਾਰਨੀ ਕਿੰਬਰਲੀ ਲੁਈਸ ਨੇ ਦੋਸ਼ਾਂ ਤੋਂ ਪਰੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਮਹੱਤਵਪੂਰਨ ਗੱਲ ਇਹ ਹੈ ਕਿ ਸਿੱਖ ਪਰਿਵਾਰ ਦੇ ਲਾਪਤਾ ਹੋਣ ਦੀ ਜਾਂਚ 3 ਅਕਤੂਬਰ ਨੂੰ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਵਿਨਟਨ ਸ਼ਹਿਰ ਵਿੱਚ ਅਮਨਦੀਪ ਦਾ ਟਰੱਕ ਸੜਦੇ ਹੋਏ ਦੇਖਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਅਮਨਦੀਪ, ਉਸ ਦੇ ਭਰਾ, ਭਾਬੀ ਜਾਂ ਬੱਚੀ ਦਾ ਪਤਾ ਨਾ ਲੱਗਿਆ ਤਾਂ ਉਨ੍ਹਾਂ ਨੇ ਪਰਿਵਾਰ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ।
ਜਾਂਚ ਦੌਰਾਨ ਫ਼ਰੋਲੇ ਗਏ ਵੀਡੀਓ ਵਿੱਚ ਇੱਕ ਸ਼ੱਕੀ ਵਿਅਕਤੀ ਪਰਿਵਾਰ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰਕੇ ਟਰੱਕ ਤੱਕ ਲਿਜਾਂਦਾ ਹੋਇਆ ਦਿਖਾਈ ਦਿੱਤਾ ਸੀ।
ਇਸ ਦੌਰਾਨ, ਭਾਰਤੀ ਮੂਲ ਦੇ ਚਾਰ ਸਿੱਖਾਂ ਦੇ ਦੁਖੀ ਰਿਸ਼ਤੇਦਾਰਾਂ ਨੇ ਕੈਲੀਫ਼ੋਰਨੀਆ ਵਿੱਚ ਉਨ੍ਹਾਂ ਦੇ ਪਰਿਵਾਰਾਂ ਅਤੇ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਦੇ ਬਜ਼ੁਰਗ ਮਾਪਿਆਂ ਦੀ ਮਦਦ ਲਈ 300,000 ਅਮਰੀਕੀ ਡਾਲਰ ਤੋਂ ਵੱਧ ਦੀ ਸਹਾਇਤਾ ਰਾਸ਼ੀ ਇਕੱਤਰ ਕੀਤੀ ਹੈ।