ਹਰਵਿੰਦਰ ਸਿੰਘ ਸੇਵਕ ਨੇ 2,208 ਘੰਟੇ ਵਿਚ ਤਿਆਰ ਕੀਤੀ
ਟੋਰਾਂਟੋ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਦੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਖਾਸ ਕਿਸਮ ਦੀ ਮੋਮਬੱਤੀ ਬਣਵਾਈ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਨਰਿੰਦਰ ਸਿੰਘ ਰਾਣੀਪੁਰ ਨੇ ਦੱਸਿਆ ਕਿ ਇਹ ਮੋਮਬੱਤੀ ਗੁਰਦੁਆਰਾ ਦੁਖ ਨਿਵਾਰਨ ਵਿਖੇ ਰੱਖੀ ਗਈ ਹੈ, ਜਿਹੜੀ ਕਿ 550 ਘੰਟੇ ਮਤਲਬ 23 ਦਿਨ ਤੱਕ ਲਗਾਤਾਰ ਬਲਦੀ ਰਹੇਗੀ। ਖਾਸ ਗੱਲ ਇਹ ਵੀ ਹੈ ਕਿ ਇਹ ਮੋਮਬੱਤੀ ਪ੍ਰਦੂਸ਼ਣ ਰਹਿਤ ਹੈ।
ਗਿਆਨੀ ਨਰਿੰਦਰ ਸਿੰਘ ਰਾਣੀਪੁਰ ਨੇ ਇਹ ਜਾਣਕਾਰੀ ਵੀ ਦਿਤੀ ਕਿ ਇਹ ਮੋਮਬੱਤੀ ਸਰੀ ਨਿਵਾਸੀ ਹਰਵਿੰਦਰ ਸਿੰਘ ਸੇਵਕ ਨੇ 2,208 ਘੰਟੇ ਵਿਚ ਤਿਆਰ ਕੀਤੀ ਹੈ। ਇਸ ਵਿਚ ਜੈਵਿਕ ਸਰੋਂ ਦਾ ਤੇਲ, ਚਮੇਲੀ ਦਾ ਤੇਲ ਅਤੇ ਸੋਇਆਬੀਨ ਦੇ ਮੋਮ ਦੀ ਵਰਤੋਂ ਕੀਤੀ ਗਈ ਹੈ, ਜਿਹੜੀ ਜਰਮਨੀ ਤੋਂ ਮੰਗਵਾਈ ਗਈ ਹੈ। ਇਸ ਮੋਮਬੱਤੀ ਦੀ ਲੰਬਾਈ ਸਵਾ 2 ਫੁੱਟ ਅਤੇ ਭਾਰ 15 ਕਿਲੋ ਹੈ। ਇਸ 'ਤੇ 25,000 ਡਾਲਰ ਮਤਲਬ 13 ਲੱਖ ਰੁਪਏ ਦਾ ਖਰਚ ਆਇਆ ਹੈ।