
ਇਲੀਨੋਇਸ ਜਨਰਲ ਅਸੈਂਬਲੀ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਮੈਂਬਰ ਬਣੀ
ਵਾਸ਼ਿੰਗਟਨ: ਭਾਰਤੀ ਮੂਲ ਦੀ ਅਮਰੀਕੀ ਮਹਿਲਾ ਨਬੀਲਾ ਸਈਦ ਨੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਇਲੀਨੋਇਸ ਜਨਰਲ ਅਸੈਂਬਲੀ ਦੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਨਬੀਲਾ ਇਲੀਨੋਇਸ ਜਨਰਲ ਅਸੈਂਬਲੀ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਮੈਂਬਰ ਬਣ ਗਈ ਹੈ।
ਨਬੀਲਾ ਸਈਦ ਦੀ ਉਮਰ ਮਹਿਜ਼ 23 ਸਾਲ ਹੈ ਅਤੇ ਉਸ ਨੇ ਇਸ ਵਾਰ ਦੀਆਂ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਵਿਰੋਧੀ ਕ੍ਰਿਸ ਬੋਸ ਨੂੰ ਹਰਾਇਆ ਹੈ। ਨਬੀਲਾ ਨੂੰ ਇਲੀਨੋਇਸ ਦੇ ਰੂਪ ਵਿਚ 51ਵੇਂ ਜ਼ਿਲ੍ਹੇ ਲਈ ਸਟੇਟ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਲਈ ਚੋਣ ਵਿਚ 52.3 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ।
ਉਹਨਾਂ ਨੇ ਇਸ ਜਿੱਤ ਦੀ ਖੁਸ਼ੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਆਪਣੇ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ ਵਿਚ ਨਬੀਲਾ ਸਈਦ ਨੇ ਲਿਖਿਆ, ''ਮੇਰਾ ਨਾਮ ਨਬੀਲਾ ਸਈਦ ਹੈ। ਮੈਂ ਇਕ 23 ਸਾਲ ਦੀ ਮੁਸਲਿਮ, ਭਾਰਤੀ-ਅਮਰੀਕੀ ਔਰਤ ਹਾਂ। ਅਸੀਂ ਹੁਣੇ ਹੀ ਇਕ ਰਿਪਬਲਿਕਨ ਦੇ ਕਬਜ਼ੇ ਵਾਲੀ ਸੀਟ ’ਤੇ ਚੋਣ ਜਿੱਤੀ ਹੈ। ਜਨਵਰੀ ਵਿਚ ਮੈਂ ਇਲੀਨੋਇਸ ਜਨਰਲ ਅਸੈਂਬਲੀ ਦੀ ਸਭ ਤੋਂ ਛੋਟੀ ਮੈਂਬਰ ਹੋਵਾਂਗੀ।" ਇਸ ਦੇ ਨਾਲ ਹੀ ਨਬੀਲਾ ਸਈਦ ਨੇ ਜਿੱਤ ਦੀ ਵਧਾਈ ਦੇਣ ਵਾਲਿਆਂ ਦਾ ਧੰਨਵਾਦ ਕੀਤਾ।