
ਅਧਿਕਾਰੀ ਨੇ ਕਿਹਾ, “ਅਮਰੀਕਾ ਲਈ ਭਾਰਤ (ਵੀਜ਼ਾ ਜਾਰੀ ਕਰਨ ਦੇ ਮਾਮਲੇ ਵਿਚ) ਨੰਬਰ ਇਕ ਤਰਜੀਹ ਹੈ"।
ਨਵੀਂ ਦਿੱਲੀ: ਅਮਰੀਕਾ ਦੇ ਵੀਜ਼ਾ ਜਾਰੀ ਕਰਨ ਦੀ ਉਡੀਕ ਦੀ ਮਿਆਦ 2023 ਦੀਆਂ ਗਰਮੀਆਂ ਤੱਕ ਘਟਣ ਦੀ ਸੰਭਾਵਨਾ ਹੈ ਅਤੇ ਵੀਜ਼ਾ ਅਰਜ਼ੀਆਂ ਦੀ ਗਿਣਤੀ ਲਗਭਗ 12 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਮਰੀਕੀ ਦੂਤਘਰ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ, “ਅਮਰੀਕਾ ਲਈ ਭਾਰਤ (ਵੀਜ਼ਾ ਜਾਰੀ ਕਰਨ ਦੇ ਮਾਮਲੇ ਵਿਚ) ਨੰਬਰ ਇਕ ਤਰਜੀਹ ਹੈ। ਸਾਡਾ ਉਦੇਸ਼ ਅਗਲੇ ਸਾਲ ਦੇ ਮੱਧ ਤੱਕ ਸਥਿਤੀ ਨੂੰ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਲਿਆਉਣਾ ਹੈ।"
ਭਾਰਤ ਉਹਨਾਂ ਕੁਝ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਕੋਰੋਨਾ ਵਾਇਰਸ ਨਾਲ ਸਬੰਧਤ ਯਾਤਰਾ ਪਾਬੰਦੀਆਂ ਹਟਾਉਣ ਤੋਂ ਬਾਅਦ ਅਮਰੀਕੀ ਵੀਜ਼ਾ ਲਈ ਅਰਜ਼ੀਆਂ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਵੀਜ਼ਾ ਦੇਣ ਲਈ ਲੰਬੇ ਇੰਤਜ਼ਾਰ ਦੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ, ਹੋਰ ਕਰਮਚਾਰੀਆਂ ਦੀ ਭਰਤੀ ਅਤੇ 'ਡ੍ਰੌਪ ਬਾਕਸ' ਸੁਵਿਧਾਵਾਂ ਦਾ ਵਿਸਥਾਰ ਕਰਨ ਸਮੇਤ ਕਈ ਪਹਿਲਕਦਮੀਆਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹਰ ਮਹੀਨੇ ਕਰੀਬ ਇਕ ਲੱਖ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ।
ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਹੀ ਭਾਰਤੀਆਂ ਲਈ H (H1B) ਅਤੇ L ਸ਼੍ਰੇਣੀ ਦੇ ਵੀਜ਼ਾ ਨੂੰ ਆਪਣੀ ਤਰਜੀਹ ਵਜੋਂ ਪਛਾਣ ਕਰ ਚੁੱਕਿਆ ਹੈ ਅਤੇ ਵੀਜ਼ਾ ਰੀਨਿਊ ਕਰਨ ਦੇ ਚਾਹਵਾਨਾਂ ਲਈ ਹਾਲ ਹੀ ਵਿਚ ਲਗਭਗ ਇਕ ਲੱਖ ਸਲਾਟ ਜਾਰੀ ਕੀਤੇ ਗਏ ਹਨ। ਕੁਝ ਸ਼੍ਰੇਣੀਆਂ ਲਈ ਉਡੀਕ ਸਮਾਂ ਪਿਛਲੇ 450 ਦਿਨਾਂ ਤੋਂ ਘਟਾ ਕੇ ਲਗਭਗ 9 ਮਹੀਨੇ ਕਰ ਦਿੱਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਬੀ1, ਬੀ2 (ਕਾਰੋਬਾਰੀ ਅਤੇ ਸੈਰ-ਸਪਾਟਾ) ਵੀਜ਼ਾ ਲਈ ਉਡੀਕ ਸਮਾਂ ਵੀ ਕਰੀਬ 9 ਮਹੀਨਿਆਂ ਤੋਂ ਘਟਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਜਾਰੀ ਕੀਤੇ ਜਾ ਰਹੇ ਵੀਜ਼ਿਆਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਮੌਜੂਦਾ ਨੰਬਰ ਤਿੰਨ ਤੋਂ ਦੂਜੇ ਨੰਬਰ 'ਤੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਮੈਕਸੀਕੋ ਅਤੇ ਚੀਨ ਭਾਰਤ ਤੋਂ ਅੱਗੇ ਹਨ।