
‘ਦੁਨੀਆ ਭਰ ’ਚ ਅਤੇ ਯੂ.ਕੇ. ’ਚ ਜਸ਼ਨ ਮਨਾ ਰਹੇ ਸਾਰਿਆਂ ਨੂੰ ਦੀਵਾਲੀ ਅਤੇ ਸਿੱਖ ਭਾਈਚਾਰੇ ’ਚ ਸਾਡੇ ਦੋਸਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।’
Rishi Sunak: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸ਼ਨਿਚਰਵਾਰ ਨੂੰ ਰੌਸ਼ਨ ਭਵਿੱਖ ਦੀ ਉਮੀਦ ਜਤਾਈ ਅਤੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿਤੀਆਂ। ਸੁਨਕ ਨੇ 10 ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ਤੋਂ ਬਰਤਾਨੀਆਂ ਅਤੇ ਦੁਨੀਆਂ ਭਰ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਅਪਣੇ ਰਵਾਇਤੀ ਸੰਦੇਸ਼ ’ਚ ਅਪਣੀ ਭਾਰਤੀ ਵਿਰਾਸਤ ਦਾ ਜ਼ਿਕਰ ਕੀਤਾ। ਸੁਨਕ ਨੇ ਕਿਹਾ, ‘‘ਦੁਨੀਆ ਭਰ ’ਚ ਅਤੇ ਯੂ.ਕੇ. ’ਚ ਜਸ਼ਨ ਮਨਾ ਰਹੇ ਸਾਰਿਆਂ ਨੂੰ ਦੀਵਾਲੀ ਅਤੇ ਸਿੱਖ ਭਾਈਚਾਰੇ ’ਚ ਸਾਡੇ ਦੋਸਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।’’
ਉਨ੍ਹਾਂ ਕਿਹਾ, ‘‘‘‘ਦੀਵਿਆਂ ਦੀ ਰੌਸ਼ਨੀ ਦੇ ਨਾਲ, ਇਹ ਉਹ ਪਲ ਹੋਵੇ ਜਦੋਂ ਅਸੀਂ ਇਕ ਰੌਸ਼ਨ ਭਵਿੱਖ ਦੀ ਉਮੀਦ ਕਰਦੇ ਹਾਂ। ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੇਰੀ ਵਚਨਬੱਧਤਾ ਚੀਜ਼ਾਂ ਨੂੰ ਬਿਹਤਰ ਬਣਾਉਣ ਦੀ ਹੈ। ਮੇਰਾ ਮੰਨਣਾ ਹੈ ਕਿ ਹਨੇਰੇ ’ਤੇ ਰੌਸ਼ਨੀ ਦੀ ਜਿੱਤ ਦੇ ਪ੍ਰਤੀਕ ਵਜੋਂ, ਦੀਵਾਲੀ ਇਕ ਰੌਸ਼ਨ ਭਵਿੱਖ ਲਈ ਯਤਨਸ਼ੀਲ ਹੋਣ ਦਾ ਪ੍ਰਤੀਕ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਤੁਹਾਡੇ ਪਹਿਲੇ ਬ੍ਰਿਟਿਸ਼ ਏਸ਼ੀਅਨ ਪ੍ਰਧਾਨ ਮੰਤਰੀ ਦੇ ਰੂਪ ’ਚ, ਅਤੇ ਇਕ ਸ਼ਰਧਾਲੂ ਹਿੰਦੂ ਹੋਣ ਦੇ ਨਾਤੇ, ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਇਹ ਨਸਲੀ ਅਤੇ ਸਭਿਆਚਾਰਕ ਵੰਨ-ਸੁਵੰਨਤਾ ਦਾ ਇਕ ਸ਼ਾਨਦਾਰ ਜਸ਼ਨ ਹੋ ਸਕਦਾ ਹੈ ਜੋ ਬਰਤਾਨੀਆਂ ਨੂੰ ਉਹ ਥਾਂ ਬਣਾਉਂਦਾ ਹੈ ਜੋ ਉਹ ਅੱਜ ਹੈ।’’ਇਸ ਹਫਤੇ ਦੇ ਸ਼ੁਰੂ ਵਿੱਚ, ਸੁਨਕ ਅਤੇ ਉਸਦੀ ਪਤਨੀ ਅਕਸ਼ਾ ਮੂਰਤੀ ਨੇ 10 ਡਾਊਨਿੰਗ ਸਟ੍ਰੀਟ ’ਚ ਇਕ ਵਿਸ਼ੇਸ਼ ਦੀਵਾਲੀ ਜਸ਼ਨ ਦੀ ਮੇਜ਼ਬਾਨੀ ਕੀਤੀ, ਜਿਸ ’ਚ ਪ੍ਰਮੁੱਖ ਪ੍ਰਵਾਸੀ ਭਾਰਤੀਆਂ ਅਤੇ ਬਾਲੀਵੁੱਡ ਸਿਤਾਰਿਆਂ- ਅਕਸ਼ੈ ਕੁਮਾਰ, ਟਵਿੰਕਲ ਖੰਨਾ ਅਤੇ ਪ੍ਰੀਟੀ ਜ਼ਿੰਟਾ ਨੇ ਵੀ ਸ਼ਿਰਕਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ-ਕਮ-ਨਿਵਾਸ ਨੂੰ ਬੁਧਵਾਰ ਸ਼ਾਮ ਨੂੰ ਮੈਰੀਗੋਲਡ ਫੁੱਲਾਂ, ਰੰਗੋਲੀ ਅਤੇ ਮੋਮਬੱਤੀਆਂ ਨਾਲ ਸਜਾਇਆ ਗਿਆ ਸੀ। ਸੁਨਕ ਨੂੰ ਬਰਤਾਨੀਆਂ ਦੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲੇ ਨੂੰ ਇਕ ਸਾਲ ਹੋ ਗਿਆ ਹੈ।