
ਕੈਨੇਡਾ ਦੇ ਸੂਬੇ ਸਸਕੈਚਵਾਨ ਵਿਚ ਪਿਛਲੇ ਸ਼ੁੱਕਰਵਾਰ ਵਾਪਰੇ ਸੜਕ ਹਾਦਸੇ 'ਚ 15 ਹਾਕੀ ਟੀਮ ਦੇ ਮੈਂਬਰਾਂ ਦੀ ਮੌਤ ਹੋ ਗਈ ਅਤੇ ਹੋਰ 14 ਖਿਡਾਰੀ ਜ਼ਖਮੀ ਹੋ ਗਏ।
ਸਸਕੈਚਵਾਨ : ਕੈਨੇਡਾ ਦੇ ਸੂਬੇ ਸਸਕੈਚਵਾਨ ਵਿਚ ਪਿਛਲੇ ਸ਼ੁੱਕਰਵਾਰ ਵਾਪਰੇ ਸੜਕ ਹਾਦਸੇ 'ਚ 15 ਹਾਕੀ ਟੀਮ ਦੇ ਮੈਂਬਰਾਂ ਦੀ ਮੌਤ ਹੋ ਗਈ ਅਤੇ ਹੋਰ 14 ਖਿਡਾਰੀ ਜ਼ਖਮੀ ਹੋ ਗਏ। ਸ਼ੁੱਕਰਵਾਰ ਸ਼ਾਮ ਨੂੰ 29 ਟੀਮ ਮੈਂਬਰ ਮੈਚ ਖੇਡਣ ਲਈ ਜਾ ਰਹੇ ਸਨ ਅਤੇ ਰਸਤੇ 'ਚ ਇਕ ਸੈਮੀ ਟਰੱਕ ਦੀ ਉਨ੍ਹਾਂ ਦੀ ਬੱਸ ਨਾਲ ਟੱਕਰ ਹੋ ਗਈ। ਕਿਹਾ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਅਤੇ ਟਰੱਕ ਮਾਲਕ ਦੋਵੇਂ ਪੰਜਾਬੀ ਹਨ। Punjabi business company suffered a loss
ਇਸ ਮਾਮਲੇ ਵਿਚ ਅਲਬਰਟਾ ਸਰਕਾਰ ਨੇ ਹਾਦਸਾ ਗ੍ਰਸਤ ਟਰੱਕ ਮਾਲਕ ਦੀ ਕੈਲਗਰੀ ਦੀ ਟਰੱਕ ਕੰਪਨੀ 'ਆਦੇਸ਼ ਦਿਉਲ ਟਰੱਕ ਲਿਮਟਿਡ' ਨੂੰ ਸੀਲ ਕਰ ਦਿਤਾ ਹੈ। ਟਰਾਂਸਪੋਰਟ ਮੰਤਰੀ ਬਰਾਇਨ ਮੈਸਨ ਨੇ ਦਸਿਆ ਕਿ ਇਹ ਕਾਰਵਾਈ ਸੂਬੇ ਨਿਯਮਾਂ ਦੇ ਆਧਾਰ 'ਤੇ ਕੀਤੀ ਹੈ ਤੇ ਹੁਣ ਕੰਪਨੀ ਦੇ ਸਾਰੇ ਖ਼ਾਤਿਆਂ ਦਾ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾਵੇਗੀ। ਜਾਂਚ ਅਧਿਕਾਰੀਆਂ ਵਲੋਂ ਟਰੱਕ ਡਰਾਈਵਰ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਜਾਂਚ ਅਧਿਕਾਰੀਆਂ ਮੁਤਾਬਕ ਕੰਪਨੀ ਕੋਲ ਸਿਰਫ਼ ਦੋ ਟਰੱਕ ਹਨ। ਇਨ੍ਹਾਂ 'ਚੋਂ ਇਕ ਟਰੱਕ ਇਹ ਸੀ, ਜੋ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੂਜਾ ਟਰੱਕ ਇਸ ਦਾ ਮਾਲਕ ਆਪ ਚਲਾਉਂਦਾ ਹੈ। ਕਿਹਾ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਹਾਕੀ ਟੀਮ ਦੀ ਬੱਸ ਟਕਰਾਈ ਉਸ ਨੂੰ ਪੰਜਾਬੀ ਟਰੱਕ ਡਰਾਈਵਰ ਚਲਾ ਰਿਹਾ ਸੀ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਰਿਕਾਰਡ ਅਨੁਸਾਰ ਕੰਪਨੀ ਨੇ ਹਾਲ ਹੀ ਵਿਚ ਇਸ ਕਾਰੋਬਾਰ ਵਿਚ ਪੈਰ ਰਖਿਆ ਸੀ।Canadian hockey players
ਕੰਪਨੀ ਦੇ ਮਾਲਕ ਸੁਖਮੰਦਰ ਸਿੰਘ ਨੇ ਦਸਿਆ ਕਿ ਹਾਦਸੇ ਵਿਚ ਟਰੱਕ ਡਰਾਈਵਰ ਦੇ ਬਚਣ ਦੀ ਕੋਈ ਆਸ ਨਹੀਂ ਸੀ ਪਰ ਜਿਉਂ ਹੀ ਉਸ ਨੂੰ ਡਰਾਈਵਰ ਦੀ ਸਲਾਮਤੀ ਬਾਰੇ ਪਤਾ ਲੱਗਿਆ ਤਾਂ ਉਹ ਡਰਾਈਵਰ ਨੂੰ ਕੈਲਗਰੀ ਲੈ ਆਇਆ। ਉਸ ਨੇ ਦਸਿਆ ਕਿ ਟਰੱਕ ਦੇ ਡਰਾਈਵਰ ਨੇ ਮਹੀਨਾ ਪਹਿਲਾਂ ਹੀ ਉਸ ਕੋਲ ਕੰਮ ਸ਼ੁਰੂ ਕੀਤਾ ਸੀ। ਹਾਦਸੇ ਤੋਂ ਬਾਅਦ ਰੋਇਲ ਕੈਨੇਡੀਅਨ ਮਾਊਂਟੇਨ ਪੁਲਿਸ (ਆਰ. ਸੀ. ਐੱਮ. ਪੀ.) ਨੇ ਡਰਾਈਵਰ ਨੂੰ ਹਿਰਾਸਤ ਵਿਚ ਲਿਆ ਸੀ ਪਰ ਮੁੱਢਲੀ ਡਾਕਟਰੀ ਜਾਂਚ ਤੋਂ ਬਾਅਦ ਉਸ ਨੂੰ ਘਰ ਭੇਜ ਦਿਤਾ ਗਿਆ। ਇਸ ਜਾਂਚ ਬਾਰੇ ਕੈਨੇਡੀਅਨ ਪੁਲਿਸ ਨੇ ਭਾਵੇਂ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਪਰ ਕਿਹਾ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਵਲੋਂ 'ਸਟੌਪ ਸਾਈਨ' ਉਤੇ ਕੀਤੀ ਗ਼ਲਤੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ।Canadian hockey playersਮ੍ਰਿਤਕਾਂ ਦੇ ਪਰਵਾਰਾਂ ਨੂੰ ਜੋ ਘਾਟਾ ਹੋਇਆ ਹੈ, ਉਸ ਨੂੰ ਕੋਈ ਭਰ ਨਹੀਂ ਸਕਦਾ। ਹੈਰਾਨੀ ਦੀ ਗੱਲ ਹੈ ਕਿ ਮਾਪਿਆਂ ਵਲੋਂ ਡਰਾਈਵਰ ਖ਼ਿਲਾਫ਼ ਗੁੱਸਾ ਨਹੀਂ ਸਗੋਂ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਪਰਵਾਰਾਂ ਵਲੋਂ ਜਾਰੀ ਪੱਤਰ ਵਿਚ ਮਾਪਿਆਂ ਨੇ ਕਿਹਾ ਹੈ ਕਿ ਇਸ ਹਾਦਸੇ ਨਾਲ ਟਰੱਕ ਡਰਾਈਵਰ ਨੂੰ ਡੂੰਘਾ ਮਾਨਸਿਕ ਸਦਮਾ ਲੱਗ ਸਕਦਾ ਹੈ, ਜਿਸ ਕਰ ਕੇ ਉਹ ਡਰਾਈਵਰ ਦੀ ਮਾਨਸਿਕ ਹਾਲਤ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਪੱਤਰ ਨੂੰ ਡੇਢ ਲੱਖ ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ। ਦਸ ਦਈਏ ਕਿ ਹਾਦਸੇ ਦੀ ਉਚ ਪੱਧਰੀ ਜਾਂਚ ਸ਼ੁਰੂ ਹੋ ਗਈ ਹੈ। ਇਸ ਜਾਂਚ ਵਿਚ ਕੈਨੇਡੀਅਨ ਪੁਲਿਸ ਤੋਂ ਇਲਾਵਾ ਦੋ ਸੂਬਿਆਂ ਸਸਕੈਚਵਾਨ ਅਤੇ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਵੀ ਸ਼ਾਮਲ ਹਨ। ਇਸ ਹਾਦਸੇ ਨੇ ਕੈਨੇਡੀਅਨ ਲੋਕਾਂ ਨੂੰ ਹਿਲਾ ਕੇ ਰੱਖ ਦਿਤਾ ਹੈ।
Canadian hockey playersਇਸ ਹਾਦਸੇ ਸਬੰਧੀ ਸ਼ਹਿਰ ਹੰਬੋਲਟ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਪੂਰੇ ਕੈਨੇਡਾ ਵਿਚ ਲੋਕਾਂ ਵਲੋਂ ਪੀੜਤ ਕਲੱਬ ਬਰੌਂਕੋਜ਼ ਦੀਆਂ ਜਰਸੀਆਂ ਪਾ ਕੇ ਖਿਡਾਰੀਆਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਹਾਕੀ ਪ੍ਰੇਮੀਆਂ ਵਲੋਂ ਅਪਣੇ ਘਰਾਂ ਅਤੇ ਦਫ਼ਤਰਾਂ ਅੱਗੇ ਹਾਕੀਆਂ ਰੱਖ ਕੇ ਖਿਡਾਰੀਆਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਹੈ। ਲੋਕ ਪਰਵਾਰ ਵਾਲਿਆਂ ਨੂੰ ਮਦਦ ਦੇ ਰਹੇ ਹਨ।