ਭਾਰਤੀ ਪਾਸਪੋਰਟ ’ਤੇ ਫ਼ਿਲੀਪੀਨਜ਼ ਜਾਣ ਦੀ ਰੀਪੋਰਟ ਮਗਰੋਂ ਹੋਇਆ ਪ੍ਰਗਟਾਵਾ
ਬੋਂਡਾਈ ਬੀਚ ਉਤੇ ਗੋਲੀਬਾਰੀ ‘ਇਸਲਾਮਿਕ ਸਟੇਟ’ ਤੋਂ ਪ੍ਰੇਰਿਤ ਸੀ : ਆਸਟਰੇਲੀਆਈ ਪੁਲਿਸ
ਹੈਦਰਾਬਾਦ : ਆਸਟਰੇਲੀਆ ਦੇ ਸਿਡਨੀ ਸਥਿਤ ਬੋਂਡਾਈ ਬੀਚ ਉਤੇ ਹਾਲ ਹੀ ’ਚ ਹੋਈ ਭਿਆਨਕ ਗੋਲੀਬਾਰੀ ਦੇ ਸ਼ੱਕੀ ਦੋਸ਼ੀਆਂ ਵਿਚੋਂ ਇਕ ਸਾਜਿਦ ਅਕਰਮ ਮੂਲ ਰੂਪ ਵਿਚ ਹੈਦਰਾਬਾਦ ਦਾ ਰਹਿਣ ਵਾਲਾ ਸੀ। ਤੇਲੰਗਾਨਾ ਦੇ ਡੀ.ਜੀ.ਪੀ. ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਉਹ 27 ਸਾਲ ਪਹਿਲਾਂ ਆਸਟਰੇਲੀਆ ਚਲਾ ਗਿਆ ਸੀ ਅਤੇ ਹੈਦਰਾਬਾਦ ’ਚ ਉਨ੍ਹਾਂ ਦੇ ਪਰਵਾਰ ਨਾਲ ਸੀਮਤ ਸੰਪਰਕ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਸਾਜਿਦ ਅਕਰਮ ਅਤੇ ਉਨ੍ਹਾਂ ਦੇ ਬੇਟੇ ਨਾਵੀਦ ਅਕਰਮ ਦੇ ਕੱਟੜਪੰਥੀ ਹੋਣ ਦੇ ਕਾਰਕਾਂ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਤੇਲੰਗਾਨਾ ’ਚ ਕੋਈ ਸਥਾਨਕ ਪ੍ਰਭਾਵ ਹੈ। ਸਾਜਿਦ ਅਕਰਮ ਨੇ ਹੈਦਰਾਬਾਦ ’ਚ ਬੀ.ਕਾਮ. ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਨਵੰਬਰ 1998 ’ਚ ਨੌਕਰੀ ਦੀ ਭਾਲ ’ਚ ਆਸਟ੍ਰੇਲੀਆ ਚਲਾ ਗਿਆ ਸੀ।
ਇਸ ਤੋਂ ਪਹਿਲਾਂ ਪ੍ਰਗਟਾਵਾ ਹੋਇਆ ਸੀ ਕਿ ਸਾਜਿਦ ਅਕਰਮ ਭਾਰਤੀ ਪਾਸਪੋਰਟ ’ਤੇ ਨਵੰਬਰ ਮਹੀਨੇ ਦੌਰਾਨ ਫ਼ਿਲੀਪੀਨਜ਼ ਗਿਆ ਸੀ। ਫ਼ਿਲੀਪੀਨਜ਼ ਦੀਆਂ ਅਥਾਰਟੀਆਂ ਨੇ ਇਸ ਦੀ ਪੁਸ਼ਟੀ ਕੀਤੀ। ਦੋਹਾਂ ਪਿਉ-ਪੁੱਤਰ ਨੇ ਉਥੇ ‘ਫ਼ੌਜੀਆਂ ਵਰਗੀ’ ਸਿਖਲਾਈ ਪ੍ਰਾਪਤ ਕੀਤੀ ਸੀ। ਇਸ ਤੋਂ ਪਹਿਲਾਂ ਮੀਡੀਆ ਰੀਪੋਰਟਾਂ ’ਚ ਸਾਜਿਦ ਨੂੰ ਪਾਕਿਸਤਾਨੀ ਨਾਗਰਿਕ ਦੱਸਿਆ ਗਿਆ ਸੀ। ਪਰ ਉਸ ਨੂੰ ਭਾਰਤੀ ਪਾਸਪੋਰਟ ਕਿਸ ਤਰ੍ਹਾਂ ਪ੍ਰਾਪਤ ਹੋਇਆ ਇਸ ਨੇ ਨਵੇਂ ਸਵਾਲ ਖੜ੍ਹੇ ਕਰ ਦਿਤੇ ਸਨ।
ਇਸ ਦੌਰਾਨ ਆਸਟਰੇਲੀਆ ਦੀ ਪੁਲਿਸ ਨੇ ਹਨੁਕਾ ਦੇ ਤਿਉਹਾਰਾਂ ਦੌਰਾਨ ਸਿਡਨੀ ਦੇ ਬੋਂਡਾਈ ਬੀਚ ਉਤੇ ਹੋਈ ਗੋਲੀਬਾਰੀ ਨੂੰ ‘ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅਤਿਵਾਦੀ ਹਮਲਾ’ ਕਰਾਰ ਦਿਤਾ ਹੈ। ਆਸਟਰੇਲੀਆ ਦੀ ਪੁਲਿਸ ਨੇ ਹਨੁਕਾ ਦੇ ਤਿਉਹਾਰਾਂ ਦੌਰਾਨ ਸਿਡਨੀ ਦੇ ਬੋਂਡਾਈ ਬੀਚ ਉਤੇ ਹੋਈ ਗੋਲੀਬਾਰੀ ਨੂੰ ‘ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅਤਿਵਾਦੀ ਹਮਲਾ’ ਕਰਾਰ ਦਿਤਾ ਹੈ। ਆਸਟਰੇਲੀਆ ਦੀ ਫੈਡਰਲ ਪੁਲਿਸ ਕਮਿਸ਼ਨਰ ਕ੍ਰਿਸੀ ਬੈਰੇਟ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਵਿਚੋਂ ਇਕ 50 ਸਾਲ ਦੇ ਸਾਜਿਦ ਅਕਰਮ ਨੂੰ ਪੁਲਿਸ ਨੇ ਮਾਰ ਦਿਤਾ ਜਦਕਿ ਉਸ ਦਾ 24 ਸਾਲ ਦਾ ਬੇਟਾ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਉਪਲਬਧ ਸਬੂਤਾਂ ਦੇ ਆਧਾਰ ਉਤੇ ਉਹ ਸ਼ੱਕੀ ਵਿਅਕਤੀਆਂ ਦੀ ਵਿਚਾਰਧਾਰਾ ਉਤੇ ਪਹਿਲੀ ਵਾਰ ਟਿਪਣੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ ਗੱਡੀ ’ਚ ਇਸਲਾਮਿਕ ਸਟੇਟ ਦੇ ਝੰਡੇ ਸਮੇਤ ਕਈ ਸਬੂਤ ਮਿਲੇ ਹਨ।
