
ਸੰਯੁਕਤ ਰਾਸ਼ਟਰ ਨੇ ਕੀਤੀ ਨਿੰਦਾ
ਮਿਆਂਮਾਰ ਦੀ ਫੌਜ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਹਵਾਈ ਹਮਲੇ ਵਿੱਚ ਕਈ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ANI ਦੇ ਮੁਤਾਬਕ ਇਹ ਲੋਕ ਫੌਜੀ ਸ਼ਾਸਨ ਦੇ ਖਿਲਾਫ ਆਯੋਜਿਤ ਇਕ ਸਮਾਰੋਹ 'ਚ ਸ਼ਾਮਲ ਹੋਣ ਲਈ ਗਏ ਸਨ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਮਿਆਂਮਾਰ 'ਚ ਹੋਏ ਘਾਤਕ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਵੋਲਕਰ ਤੁਰਕ ਨੇ ਕਿਹਾ ਕਿ ਨਾਗਰਿਕਾਂ 'ਤੇ ਹਵਾਈ ਹਮਲਿਆਂ ਦੀਆਂ ਰਿਪੋਰਟਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਪ੍ਰੋਗਰਾਮ ਵਿੱਚ ਬੰਬ ਸੁੱਟੇ ਗਏ ਉੱਥੇ ਸਕੂਲੀ ਬੱਚੇ ਵੀ ਮੌਜੂਦ ਸਨ।
ਦਰਅਸਲ ਫਰਵਰੀ 2021 ਵਿੱਚ ਮਿਆਂਮਾਰ ਦੀ ਫੌਜ ਨੇ ਦੇਸ਼ ਵਿੱਚ ਤਖਤਾ ਪਲਟ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਹੀ ਮਿਆਂਮਾਰ 'ਚ ਫੌਜ ਦੇ ਸ਼ਾਸਨ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਨਾਲ ਹੀ ਫੌਜ ਵੱਲੋਂ ਲੋਕਾਂ ਦੇ ਵਿਰੋਧ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਨਾਗਰਿਕ ਮਾਰੇ ਜਾ ਚੁੱਕੇ ਹੈ।
ਜਾਣਕਾਰੀ ਮੁਤਾਬਕ ਇਸ ਹਵਾਈ ਹਮਲੇ 'ਚ ਰਾਸ਼ਟਰੀ ਏਕਤਾ ਸਰਕਾਰ (ਐੱਨ.ਯੂ.ਜੀ.) ਦਾ ਦਫਤਰ ਤਬਾਹ ਹੋ ਗਿਆ। ਉਨ੍ਹਾਂ ਕਿਹਾ ਕਿ ਹਮਲੇ ਸਮੇਂ ਔਰਤਾਂ ਅਤੇ ਬੱਚਿਆਂ ਸਮੇਤ 150 ਤੋਂ ਵੱਧ ਲੋਕ ਘਟਨਾ ਵਾਲੀ ਥਾਂ 'ਤੇ ਮੌਜੂਦ ਸਨ, ਜਿਨ੍ਹਾਂ 'ਚੋਂ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਫੌਜੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਹਥਿਆਰਬੰਦ ਸਮੂਹਾਂ ਅਤੇ ਹੋਰ ਸਿਆਸੀ ਜਥੇਬੰਦੀਆਂ ਦੇ ਆਗੂ ਸ਼ਾਮਲ ਹਨ।ਨ।