
ਚੀਨ ਦੇ ਅਧਿਕਾਰੀਆਂ ਨੇ ਦੇਸ਼ ਦੇ ਉੱਤਰੀ-ਪਛਮੀ ਹਿੱਸੇ 'ਚ ਬਣੀ ਮਸਜਿਦ ਨੂੰ ਢਾਹੁਣ ਦੀ ਤਜਵੀਜ਼ ਫ਼ਿਲਹਾਲ ਟਾਲ ਦਿਤੀ ਹੈ। ਇਹ ਕਦਮ ਅਧਿਕਾਰੀਆਂ ਨੂੰ ਸੈਂਕੜੇ...
ਬੀਜਿੰਗ, 11 ਜੁਲਾਈ : ਚੀਨ ਦੇ ਅਧਿਕਾਰੀਆਂ ਨੇ ਦੇਸ਼ ਦੇ ਉੱਤਰੀ-ਪਛਮੀ ਹਿੱਸੇ 'ਚ ਬਣੀ ਮਸਜਿਦ ਨੂੰ ਢਾਹੁਣ ਦੀ ਤਜਵੀਜ਼ ਫ਼ਿਲਹਾਲ ਟਾਲ ਦਿਤੀ ਹੈ। ਇਹ ਕਦਮ ਅਧਿਕਾਰੀਆਂ ਨੂੰ ਸੈਂਕੜੇ ਸਥਾਨਕ ਮੁਸਲਮਾਨਾਂ ਦੇ ਧਰਨੇ 'ਤੇ ਬੈਠਣ ਕਾਰਨ ਚੁਕਣਾ ਪਿਆ ਹੈ। ਉਧਰ, ਸੱਤਾਧਿਰ ਕਮਿਊਨਿਸਟ ਪਾਰਟੀ ਦੇ ਅਖ਼ਬਾਰ ਨੇ ਲਿਖਿਆ ਹੈ ਕਿ ਕੋਈ ਵੀ ਧਰਮ ਕਾਨੂੰਨ ਤੋਂ ਉਪਰ ਨਹੀਂ। ਅਖ਼ਬਾਰ ਦੀ ਸੰਪਾਦਕੀ ਵਿਚ ਅਧਿਕਾਰੀਆਂ ਨੂੰ ਮੁਸਲਮਾਨਾਂ ਦੇ ਵਿਲੱਖਣ ਪ੍ਰਦਰਸ਼ਨ ਨਾਲ ਸਖ਼ਤੀ ਨਾਲ ਸਿੱਝਣ ਲਈ ਕਿਹਾ ਗਿਆ ਹੈ।
ਚੀਨ 'ਚ ਓਈਗਰ ਤੋਂ ਬਾਅਦ ਹੂਈ ਵਿਚ ਮੁਸਲਮਾਨ ਸੱਭ ਤੋਂ ਵੱਧ ਹਨ। ਹੁਈ ਮੁਸਲਮਾਨ ਲੋਕ ਮਸਜਿਦ ਤੋਂ ਬਾਹਰ ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤਕ ਬੈਠੇ ਰਹੇ ਅਤੇ ਚੀਨੀ ਅਧਿਕਾਰੀਆਂ ਤੋਂ ਇਸ ਕਦਮ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਚੀਨੀ ਅਖ਼ਬਾਰ 'ਬੀਜਿੰਗ ਟਾਈਮਰ' ਮੁਤਾਬਕ ਲੋਕਾਂ ਦੇ ਵਿਰੋਧ ਨੂੰ ਵੇਖਦੇ ਹੋਏ ਕਾਊਂਟੀ ਪ੍ਰਮੁੱਖ ਨੇ ਮਸਜਿਦ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਘਰ ਜਾਣ ਲਈ ਕਿਹਾ। ਉਨ੍ਹਾਂ ਨੇ ਮੁਸਲਮਾਨਾਂ ਨਾਲ ਵਾਅਦਾ ਕੀਤਾ ਕਿ ਜਦ ਤਕ ਸ਼ਹਿਰ ਵਲੋਂ ਮੁੜ ਨਿਰਮਾਣ ਯੋਜਨਾ 'ਤੇ ਸਹਿਮਤੀ ਨਹੀਂ ਮਿਲਦੀ, ਉਦੋਂ ਤਕ ਸਰਕਾਰ ਇਸ ਨਵੀਂ ਮਸਜਿਦ ਨੂੰ ਹੱਥ ਨਹੀਂ ਲਾਵੇਗੀ।
ਜ਼ਿਕਰਯੋਗ ਹੈ ਕਿ ਚੀਨ ਇਨੀਂ ਦਿਨੀਂ ਮੁਸਲਿਮ, ਈਸਾਈ ਸਮੇਤ ਕਈ ਧਰਮਾਂ 'ਤੇ ਅਪਣੇ ਦੇਸ਼ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ 'ਸੀਨੀਸਾਇਜ ਰਿਲੀਜ਼ਨ' ਪਾਲਸੀ ਨੂੰ ਥੋਪ ਰਿਹਾ ਹੈ। ਚੀਨ 'ਚ ਜਿਹੜੀਆਂ ਨਵੀਆਂ ਮਸਜਿਦਾਂ ਬਣ ਰਹੀਆਂ ਹਨ, ਉਹ ਪੁਰਾਣੀ ਮਸਜਿਦਾਂ ਤੋਂ ਵੱਖ ਹਨ। ਇਨ੍ਹਾਂ ਨਵੀਆਂ ਮਸਜਿਦਾਂ ਉਪਰ ਪਿਆਜ਼ ਦੇ ਆਕਾਰ ਦਾ ਗੁੰਬਦ ਬਣਾਇਆ ਜਾ ਰਿਹਾ ਹੈ ਜਿਸ ਦਾ ਚੀਨੀ ਅਧਿਕਾਰੀ ਵਿਰੋਧ ਕਰ ਰਹੇ ਹਨ।
ਸ਼ੀ ਜਿਨਪਿੰਗ ਨੇ 2015 'ਚ ਸੀਨੀਸਾਇਜ ਰਿਲੀਜ਼ਨ ਦਾ ਐਲਾਨ ਕੀਤਾ ਸੀ ਜਿਸ ਮੁਤਾਬਕ ਦੇਸ਼ ਦੇ ਸਾਰੇ ਧਾਰਮਕ ਗਰੁਪਾਂ ਨੂੰ ਸੋਸ਼ਲਿਸਟ ਅਤੇ ਚੀਨੀ ਸੰਸਕ੍ਰਿਤੀ ਦਾ ਹਿੱਸਾ ਬਣਨਾ ਹੈ। ਇਸ 'ਚ ਸਾਰੇ ਧਾਰਮਕ ਗਰੁੱਪਾਂ ਨੂੰ ਕਮਿਊਨਿਸਟ ਪਾਰਟੀ ਆਫ਼ ਚਾਈਨਾ ਦੇ ਪੂਰੇ ਅਧਿਕਾਰ ਖੇਤਰ 'ਚ ਲਿਆਉਣਾ ਚਾਹੁੰਦੇ ਹਨ।