
ਰੋਮ ਦੇ ਇਕ ਬਾਰ ਵਿਚ ਇਕ ਅਪਾਰਟਮੈਂਟ ਬਲਾਕ ਦੇ ਵਸਨੀਕਾਂ ਦੀ ਮੀਟਿੰਗ ਚੱਲ ਰਹੀ ਸੀ।
ਰੋਮ: ਇਟਲੀ ਦੀ ਰਾਜਧਾਨੀ ਰੋਮ ਵਿਚ ਐਤਵਾਰ ਸ਼ਾਮ ਨੂੰ ਇਕ ਬਾਰ ਵਿਚ ਬੰਦੂਕਧਾਰੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਰੋਮ ਦੇ ਇਕ ਬਾਰ ਵਿਚ ਇਕ ਅਪਾਰਟਮੈਂਟ ਬਲਾਕ ਦੇ ਵਸਨੀਕਾਂ ਦੀ ਮੀਟਿੰਗ ਚੱਲ ਰਹੀ ਸੀ, ਮੀਟਿੰਗ ਦੌਰਾਨ ਇਕ ਵਿਅਕਤੀ ਬੰਦੂਕ ਲੈ ਕੇ ਉੱਥੇ ਪਹੁੰਚਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਗੰਨਮੈਨ ਨੂੰ ਹਿਰਾਸਤ 'ਚ ਲੈ ਲਿਆ ਹੈ। ਮਰਨ ਵਾਲਿਆਂ ਵਿਚ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਇਕ ਦੋਸਤ ਸਮੇਤ ਤਿੰਨ ਔਰਤਾਂ ਸ਼ਾਮਲ ਹਨ। ਮੇਲੋਨੀ ਨੇ ਐਤਵਾਰ ਸ਼ਾਮ ਨੂੰ ਇੰਸਟਾਗ੍ਰਾਮ 'ਤੇ ਮ੍ਰਿਤਕਾਂ ਵਿਚੋਂ ਇਕ ਨਿਕੋਲੇਟਾ ਗੋਲੀਸਾਨੋ ਨਾਲ ਆਪਣੀ ਇਕ ਫੋਟੋ ਪੋਸਟ ਕੀਤੀ।
ਮੇਲੋਨੀ ਨੇ ਤਸਵੀਰ ਦੇ ਨਾਲ ਭਾਵੁਕ ਸੰਦੇਸ਼ ਲਿਖਿਆ, "ਮੇਰੇ ਲਈ ਉਹ ਹਮੇਸ਼ਾ ਇਸ ਤਰ੍ਹਾਂ ਖੂਬਸੂਰਤ ਅਤੇ ਖੁਸ਼ ਰਹੇਗੀ। ਉਸ ਦਾ ਇਸ ਤਰ੍ਹਾਂ ਮਰਨਾ ਠੀਕ ਨਹੀਂ ਹੈ।" ਪੀਐਮ ਮੇਲੋਨੀ ਨੇ ਕਿਹਾ ਕਿ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਗੋਲੀਬਾਰੀ 'ਚ ਚਾਰ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।