
ਪੱਤਰਕਾਰ ਨੂੰ ਪਿਛਲੇ ਲੰਮੇਂ ਸਮੇਂ ਤੋਂ ਹਮਲੇ ਦੀਆਂ ਮਿਲ ਰਹੀਆਂ ਸਨ ਧਮਕੀਆਂ
ਕਾਬੁਲ : ਅਫ਼ਗ਼ਾਨਿਸਤਾਨ ਦੇ ਦਖਣੀ ਹੇਲਮੰਦ ਸੂਬੇ ਵਿਚ ਇਕ ਬੰਬ ਧਮਾਕਾ ਹੋਣ ਕਾਰਨ ਇਕ ਪੱਤਰਕਾਰ ਜ਼ਖ਼ਮੀ ਹੋ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਪੱਤਰਕਾਰ ਨੂੰ ਪਿਛਲੇ ਲੰਮੇਂ ਸਮੇਂ ਤੋਂ ਹਮਲੇ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਹੇਲਮੰਦ ਦੇ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦਸਿਆ ਕਿ ਟੀਵੀ ਤੇ ਰੇਡੀਓ ਪੱਤਰਕਾਰ ਨੇਸਾਰ ਅਹਿਮਦ ਅਹਿਮਦੀ ਜਦ ਅਪਣੇ ਵਾਹਨ ਤੋਂ ਦਫ਼ਤਰ ਜਾ ਰਹੇ ਸਨ ਤਾਂ ਇਕ ਬੰਬ ਧਮਾਕਾ ਹੋ ਗਿਆ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ। ਇਹ ਧਮਾਕਾ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਵਿਚ ਹੋਇਆ। ਉਨ੍ਹਾਂ ਦਸਿਆ ਕਿ ਹਮਲੇ ਵਿਚ ਜ਼ਖ਼ਮੀ ਹੋਏ ਅਹਿਮਦੀ ਨੂੰ ਇਲਾਜ ਲਈ ਕਾਬੁਲ ਭੇਜਿਆ ਗਿਆ ਹੈ। ਕਿਸੇ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਜ਼ਿਕਰਯੋਗ ਹੈ ਕਿ ਫ਼ਰਾਹ ਸੂਬੇ ਦੇ ਗੁਲਿਸਤਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਤਾਲਿਬਾਨ ਨੇ ਫ਼ੌਜ ਦੀ ਇਕ ਜਾਂਚ ਚੌਕੀ 'ਤੇ ਹਮਲਾ ਕਰ ਦਿਤਾ ਸੀ ਜਿਸ ਵਿਚ 10 ਫ਼ੌਜੀ ਸ਼ਹੀਦ ਹੋਏ ਸਨ ਜਿਸ ਤੋਂ ਬਾਅਦ ਸੁਰੱਖਿਆਬਲਾਂ ਨੇ ਇਸ ਖੇਤਰ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਸੀ।