
ਨਿਰੰਕਾਰੀ ਸਤਸੰਗ ਭਵਨ ਅਦਲੀਵਾਲ ਵਿਚ ਬੰਬ ਧਮਾਕਾ ਕਰਨ ਵਾਲੇ ਦੋਸ਼ੀ ਚੱਕ ਮਿਸ਼ਰੀ ਖਾਂ ਨਿਵਾਸੀ ਅਵਤਾਰ ਸਿੰਘ ਦੀ ਰਿਮਾਂਡ ਨੂੰ...
ਅੰਮ੍ਰਿਤਸਰ (ਸਸਸ) : ਨਿਰੰਕਾਰੀ ਸਤਸੰਗ ਭਵਨ ਅਦਲੀਵਾਲ ਵਿਚ ਬੰਬ ਧਮਾਕਾ ਕਰਨ ਵਾਲੇ ਦੋਸ਼ੀ ਚੱਕ ਮਿਸ਼ਰੀ ਖਾਂ ਨਿਵਾਸੀ ਅਵਤਾਰ ਸਿੰਘ ਦੀ ਰਿਮਾਂਡ ਨੂੰ 4 ਦਿਨ ਹੋਰ ਵਧਾ ਦਿਤਾ ਗਿਆ ਹੈ। ਹੁਣ ਪੁਲਿਸ ਅਵਤਾਰ ਦੇ ਨਾਲ ਬਿਕਰਮ ਨੂੰ ਵੀ 5 ਦਸੰਬਰ ਦੇ ਦਿਨ ਅਜਨਾਲਾ ਕੋਰਟ ਵਿਚ ਦੁਬਾਰਾ ਪੇਸ਼ ਕਰੇਗੀ। ਖ਼ਾਸ ਗੱਲ ਹੈ ਕਿ ਸ਼ਨਿਚਰਵਾਰ ਨੂੰ ਅਵਤਾਰ ਦੀ ਪੇਸ਼ੀ ਦੇ ਦੌਰਾਨ ਤਿੰਨ ਵਕੀਲ ਰਣਜੀਤ ਸਿੰਘ ਛੀਨਾ, ਜਸਪਾਲ ਸਿੰਘ ਮੰਝਪੁਰ ਅਤੇ ਹਰਪਾਲ ਸਿੰਘ ਪੇਸ਼ ਹੋਏ ਅਤੇ ਪੁਲਿਸ ਦੇ ਨਾਲ ਬਹਿਸ ਵੀ ਕੀਤੀ।
ਪੇਸ਼ੀ ਤੋਂ ਬਾਅਦ ਅਵਤਾਰ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਫਿਰ ਤੋਂ ਆਪਣੇ ਨਾਲ ਲੈ ਗਿਆ। ਪੁਲਿਸ ਦੇ ਨਾਲ ਸ਼ਨਿਚਰਵਾਰ ਐਸਐਸਓਸੀ ਦੀ ਟੀਮ ਵੀ ਅਜਨਾਲਾ ਕੋਰਟ ਵਿਚ ਪਹੁੰਚੀ ਸੀ। 2 ਵਜੇ ਅਵਤਾਰ ਨੂੰ ਕੋਰਟ ਵਿਚ ਲੈ ਕੇ ਜਾਇਆ ਗਿਆ। ਜਿਥੇ 55 ਮਿੰਟ ਤੱਕ ਬਹਿਸ ਹੋਈ ਅਤੇ ਕੋਰਟ ਨੇ ਉਸ ਦੀ 4 ਦਿਨ ਦੀ ਪੁਲਿਸ ਰਿਮਾਂਡ ਦਿਤੀ ਹੈ। ਕੋਰਟ ਵਿਚ ਇਸ ਵਾਰ ਫਿਰ ਅਵਤਾਰ ਦੀ ਰਿਮਾਂਡ ਦਾ ਮੁੱਖ ਮੁੱਦਾ ਦੇਸ਼ ਦੀ ਸੁਰੱਖਿਆ ਦੱਸਿਆ ਹੈ।
ਜਿਸ ਦਾ ਅਵਤਾਰ ਦੇ ਵਕੀਲਾਂ ਨੇ ਵੱਧ ਚੜ੍ਹ ਕੇ ਵਿਰੋਧ ਕੀਤਾ। ਕੋਰਟ ਵਿਚ ਪੁਲਿਸ ਨੇ 15 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਸੀ। ਬਹਿਸ ਤੋਂ ਬਾਅਦ ਪੁਲਿਸ ਨੂੰ ਬਿਕਰਮ ਦੀ ਪੰਜ ਦਿਨਾਂ ਦੀ ਰਿਮਾਂਡ ਹੀ ਮਿਲੀ। ਇਸ ਤੋਂ ਇਲਾਵਾ ਪੁਲਿਸ ਨੇ ਕੋਰਟ ਵਿਚ ਸਪੱਸ਼ਟ ਕੀਤਾ ਕਿ ਮਾਮਲਾ ਹੁਣ ਐਸਐਸਓਸੀ ਦੇ ਕੋਲ ਪਹੁੰਚ ਚੁੱਕਿਆ ਹੈ ਅਤੇ ਤਫ਼ਤੀਸ਼ ਲਈ ਸਮਾਂ ਚਾਹੀਦਾ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਦੋਵਾਂ ਨੂੰ ਇਕੱਠੇ ਅਤੇ ਆਹਮੋ ਸਾਹਮਣੇ ਬਿਠਾ ਕੇ ਵੀ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਨੇ ਪੇਸ਼ੀ ਦੇ ਦੌਰਾਨ ਦੱਸਿਆ ਕਿ ਦੋਸ਼ੀਆਂ ਦੇ ਫ਼ੋਨ ਦੀ ਕਾਲ ਡਿਟੇਲਸ ਅਤੇ ਗੂਗਲ ਇਨਫਾਰਮੇਸ਼ਨ ਕੱਢੀ ਜਾ ਰਹੀ ਹੈ। ਫ਼ੋਨ ਤੋਂ ਸਪੱਸ਼ਟ ਹੋਇਆ ਹੈ ਕਿ ਦੋਸ਼ੀਆਂ ਦੇ ਸਬੰਧ ਪਾਕਿਸਤਾਨ ਅਤੇ ਇਟਲੀ ਵਿਚ ਬੈਠੇ ਲੋਕਾਂ ਨਾਲ ਹਨ। ਪੁਲਿਸ ਨੂੰ ਬਰੀਕੀ ਨਾਲ ਪੁੱਛਗਿੱਛ ਲਈ ਕੁੱਝ ਸਮਾਂ ਚਾਹੀਦਾ ਹੈ। ਰੀਕਵਰੀ ਦੇ ਬਾਰੇ ਵੀ ਪੁਲਿਸ ਕੁੱਝ ਨਹੀਂ ਦੱਸ ਰਹੀ ਅਤੇ ਨਾ ਹੀ ਜਾਣਕਾਰੀ ਕੋਰਟ ਵਿਚ ਦੇ ਰਹੀ ਹੈ।