
ਗ੍ਰੀਨ ਕਾਰਡ ਜਾਰੀ ਕਰਨ ਲਈ ਭਾਰਤ ਦਾ ਸੱਤ ਫ਼ੀ ਸਦੀ ਕੋਟਾ ਖਤਮ ਕਰਨ ਦੀ ਵੀ ਵਕਾਲਤ ਕੀਤੀ
ਵਾਸ਼ਿੰਗਟਨ: ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਤੋਂ ਵੱਧ ਯੋਗ ਪੇਸ਼ੇਵਰਾਂ ਦੀ ਜ਼ਰੂਰਤ ਹੈ। ਸੰਸਦ ਮੈਂਬਰ ਮੈਟ ਕਾਰਟਰਾਈਟ ਨੇ ਗ੍ਰੀਨ ਕਾਰਡ ਜਾਰੀ ਕਰਨ ਲਈ ਦੇਸ਼ ਲਈ ਸੱਤ ਫ਼ੀ ਸਦੀ ਕੋਟਾ ਖਤਮ ਕਰਨ ਦੀ ਵੀ ਵਕਾਲਤ ਕੀਤੀ।
ਇਸ ਕਾਰਨ ਭਾਰਤ ਤੋਂ ਇੱਥੇ ਆਉਣ ਵਾਲੇ ਪੇਸ਼ੇਵਰਾਂ ਨੂੰ ਗ੍ਰੀਨ ਕਾਰਡ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ। ਕਾਰਟਰਾਈਟ ਨੇ ਫਾਊਂਡੇਸ਼ਨ ਫਾਰ ਇੰਡੀਆ ਅਤੇ ਇੰਡੀਅਨ ਡਾਇਸਪੋਰਾ (ਐਫ.ਆਈ.ਆਈ.ਡੀ.ਐਸ) ਸਮੇਤ ਭਾਰਤੀ-ਅਮਰੀਕੀ ਸੰਗਠਨਾਂ ਦੇ ਹਰ ਸਾਲ ਗ੍ਰੀਨ ਕਾਰਡ ਜਾਰੀ ਕਰਨ ’ਚ ਪ੍ਰਤੀ ਦੇਸ਼ ਸੱਤ ਫ਼ੀ ਸਦੀ ਕੋਟਾ ਹਟਾਉਣ ਦੇ ਸੱਦੇ ਦਾ ਸਮਰਥਨ ਕੀਤਾ।
ਉਨ੍ਹਾਂ ਕਿਹਾ, ‘‘ਸਮੱਸਿਆ ਇਹ ਹੈ ਕਿ ਅਸੀਂ ਹਰ ਦੇਸ਼ ਲਈ ਇਸ ਨੂੰ ਘਟਾ ਕੇ 7 ਫ਼ੀ ਸਦੀ ਕਰ ਦਿਤਾ ਹੈ। ਇਸ ਨਾਲ ਭਾਰਤ ਵਰਗੇ ਵੱਡੇ ਦੇਸ਼ਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਨਾ ਸਿਰਫ ਵੱਡਾ ਬਲਕਿ ਬਹੁਤ ਹੁਨਰਮੰਦਾਂ ਦਾ ਵੀ। ਭਾਰਤ ’ਚ ਉੱਚ ਸਿੱਖਿਆ ਪ੍ਰਾਪਤ ਲੋਕ ਹਨ।’’
ਇਕ ਸਵਾਲ ਦੇ ਜਵਾਬ ਵਿਚ ਸੰਸਦ ਮੈਂਬਰ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਮਰੀਕਾ ਦੀ ਭਾਰਤ ਨਾਲ ਨਜ਼ਦੀਕੀ ਅਤੇ ਸਥਾਈ ਦੋਸਤੀ ਹੋਵੇ। ਉਨ੍ਹਾਂ ਕਿਹਾ, ‘‘ਦੋਹਾਂ ਦੇਸ਼ਾਂ ਵਿਚਾਲੇ ਕੌਮਾਂਤਰੀ ਵਪਾਰ ਮਹੱਤਵਪੂਰਨ ਹੈ।’’
ਮੋਦੀ ਬਹੁਤ ਮਸ਼ਹੂਰ ਹਨ, ਮੁੜ ਪ੍ਰਧਾਨ ਮੰਤਰੀ ਬਣਨਗੇ : ਅਮਰੀਕੀ ਸੰਸਦ ਮੈਂਬਰ
ਵਾਸ਼ਿੰਗਟਨ: ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪ੍ਰਸਿੱਧ ਨੇਤਾ ਦਸਿਆ ਹੈ ਅਤੇ ਭਰੋਸਾ ਜਤਾਇਆ ਹੈ ਕਿ ਉਹ ਆਗਾਮੀ ਲੋਕ ਸਭਾ ਚੋਣਾਂ ’ਚ ਮੁੜ ਜਿੱਤ ਹਾਸਲ ਕਰਨਗੇ। ਜਾਰਜੀਆ ਤੋਂ ਰਿਪਬਲਿਕਨ ਸੰਸਦ ਮੈਂਬਰ ਰਿਚ ਮੈਕਕੋਰਮਿਕ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਬੇਹੱਦ ਮਸ਼ਹੂਰ ਹਨ। ਮੈਂ ਹਾਲ ਹੀ ’ਚ ਉੱਥੇ (ਭਾਰਤ) ਸੀ। ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਕਈ ਹੋਰ ਸੰਸਦ ਮੈਂਬਰਾਂ ਨਾਲ ਦੁਪਹਿਰ ਦਾ ਖਾਣਾ ਖਾਧਾ ਅਤੇ ਸੱਚਮੁੱਚ ਪਾਰਟੀ ਲਾਈਨਾਂ ਤੋਂ ਪਰੇ ਉਨ੍ਹਾਂ ਦੀ ਪ੍ਰਸਿੱਧੀ ਵੇਖੀ। ਮੈਨੂੰ ਲਗਦਾ ਹੈ ਕਿ ਉਹ ਦੁਬਾਰਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।’’
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਰਥਕ ਵਿਕਾਸ, ਸਾਰਿਆਂ ਦੀ ਭਲਾਈ ਅਤੇ ਦੁਨੀਆਂ ਭਰ ’ਚ ਭਾਰਤੀ ਪ੍ਰਵਾਸੀਆਂ ਦੀ ਭਲਾਈ ਲਈ ਉਨ੍ਹਾਂ ਦੀ ਸਕਾਰਾਤਮਕਤਾ ਗਲੋਬਲ ਅਰਥਵਿਵਸਥਾ ਅਤੇ ਰਣਨੀਤਕ ਸਬੰਧਾਂ ਨੂੰ ਪ੍ਰਭਾਵਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ’ਚ ਭਾਰਤ ਦੀ ਅਰਥਵਿਵਸਥਾ ਹਰ ਸਾਲ 4 ਤੋਂ 8 ਫੀ ਸਦੀ ਦੀ ਦਰ ਨਾਲ ਵਧ ਰਹੀ ਹੈ।
ਉਨ੍ਹਾਂ ਕਿਹਾ, ‘‘ਜੇ ਤੁਸੀਂ ਦੂਜੇ ਦੇਸ਼ਾਂ ਨਾਲ ਕੰਮ ਕਰਨ ਦੀ ਉਨ੍ਹਾਂ ਦੀ ਇੱਛਾ ਨੂੰ ਵੇਖਦੇ ਹੋ, ਤਾਂ ਮੈਂ ਚੇਤਾਵਨੀ ਦੇਣਾ ਚਾਹਾਂਗਾ... ਉਨ੍ਹਾਂ ਨੇ ਚੀਨ ਵਲੋਂ ਕੀਤੀਆਂ ਗਈਆਂ ਕੁੱਝ ਚੀਜ਼ਾਂ ਦੀ ਨਕਲ ਇਸ ਤਰੀਕੇ ਨਾਲ ਕੀਤੀ ਹੈ ਜਿਸ ਨਾਲ ਦੇਸ਼ ਨੂੰ ਲੰਮੇ ਸਮੇਂ ’ਚ ਫਾਇਦਾ ਹੋਵੇਗਾ ਪਰ ਉਸ ’ਚ ਚੀਨ ਵਰਗੀ ਹਮਲਾਵਰਤਾ ਨਹੀਂ ਹੈ।’’ ਇਸ ਦੇ ਨਾਲ ਹੀ ਭਾਰਤੀ-ਅਮਰੀਕੀ ਸੰਸਦ ਮੈਂਬਰ ਥਾਨੇਦਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ ਨੇ ਪਿਛਲੇ 10 ਸਾਲਾਂ ’ਚ ‘ਸ਼ਾਨਦਾਰ ਤਰੱਕੀ’ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਚੁਣੇ ਗਏ ਸਨ ਤਾਂ ਭਾਰਤ ਦੁਨੀਆਂ ਦੀ 10ਵੀਂ ਅਰਥਵਿਵਸਥਾ ਸੀ, ਫਿਰ ਇਹ ਪੰਜਵੀਂ ਅਰਥਵਿਵਸਥਾ ਬਣ ਗਈ ਅਤੇ ਬਹੁਤ ਜਲਦੀ ਇਹ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ। ਇਸ ਲਈ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ’ਚ ਇਕ ਮਜ਼ਬੂਤ ਤਾਕਤ ਬਣਿਆ ਹੋਇਆ ਹੈ। ਅਮਰੀਕਾ ਸਮੇਤ ਕੋਈ ਵੀ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।