
ਪਹਿਲੇ ਪੱਗੜੀਧਾਰੀ ਡਾਕਟਰ ਬਣਨ ਦਾ ਮਿਲਿਆ ਮਾਣ
ਹਾਂਗਕਾਂਗ- ਵਿਸ਼ਵ ਭਰ ਵਿਚ ਸਿੱਖਾਂ ਵਲੋਂ ਆਪਣੀ ਮਿਹਨਤ ਸਦਕਾ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਹਨ ਹੁਣ ਚੀਨੀ ਯੂਨੀਵਰਸਿਟੀ ਵਿਚ ਆਖ਼ਰੀ ਸਾਲ ਦੇ ਮੈਡੀਕਲ ਵਿਦਿਆਰਥੀ 23 ਸਾਲਾ ਸੁਖਦੀਪ ਸਿੰਘ ਨੇ ਹਾਂਗਕਾਂਗ ਵਿਚ ਪਹਿਲਾ ਪਗੜੀਧਾਰੀ ਡਾਕਟਰ ਬਣ ਕੇ ਇਤਿਹਾਸ ਰਚ ਦਿਤਾ ਹੈ। ਸੁਖਦੀਪ ਸਿੰਘ ਨੇ ਦੁਨੀਆ ਭਰ ਵਿਚ ਸਿੱਖ ਧਰਮ ਨੂੰ ਮੰਨਣ ਵਾਲੇ ਹੋਰਨਾਂ ਲੋਕਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਪੱਗੜੀ ਪਹਿਨਣਾ ਸਿੱਖ ਧਰਮ ਦਾ ਇਕ ਅਹਿਮ ਹਿੱਸਾ ਹੈ।
Sukhdeep Singh Created History in Hong Kong
ਹਾਂਗਕਾਂਗ ਵਿਚ ਪੈਦਾ ਹੋਏ ਅਤੇ ਪਲੇ ਵਧੇ ਸੁਖਦੀਪ ਸਿੰਘ ਦਸਤਾਰ ਪਹਿਨਣਾ ਮਾਣ ਦੀ ਗੱਲ ਸਮਝਦੇ ਹਨ ਇਹੀ ਵਜ੍ਹਾ ਹੈ ਕਿ ਸੁਖਦੀਪ ਨੇ ਹਾਂਗਕਾਂਗ ਵਿਚ ਪਹਿਲਾ ਪੱਗੜੀਧਾਰੀ ਡਾਕਟਰ ਬਣਨ ਦੀ ਠਾਣੀ। ਭਾਵੇਂ ਕਿ ਸੁਖਦੀਪ ਸਿੰਘ ਨੂੰ ਸ਼ੁਰੂ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਖ਼ੁਦ ਨੂੰ ਦ੍ਰਿੜ੍ਹ ਬਣਾਈ ਰੱਖਿਆ ਅਤੇ ਹੁਣ ਉਸ ਨੇ ਇਤਿਹਾਸ ਸਿਰਜ ਦਿਤਾ ਹੈ। ਸੁਖਦੀਪ ਸਿੰਘ ਹਾਂਗਕਾਂਗ ਵਿਚ ਵਸਦੇ 12 ਹਜ਼ਾਰ ਸਿੱਖਾਂ ਵਿਚੋਂ ਇਕ ਹਨ ਜਿਸ ਨੂੰ ਇਹ ਮਾਣ ਹਾਸਲ ਹੋਇਆ ਹੈ।
Sukhdeep Singh Created History in Hong Kong
ਇਸ ਤੋਂ ਇਲਾਵਾ ਸੁਖਦੀਪ ਸਿੰਘ ਹਾਂਗਕਾਂਗ ਵਿਚ ਘੱਟ ਗਿਣਤੀ ਜਾਤੀ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਇਕ ਮਿਸ਼ਨ 'ਤੇ ਕੰਮ ਵੀ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਹੋਰ ਨੌਜਵਾਨ ਪੇਸ਼ੇਵਰਾਂ ਦੇ ਨਾਲ ਇਕ ਗ਼ੈਰ ਲਾਭਕਾਰੀ ਸੰਗਠਨ 'ਪਰਗਨਾ' ਦੀ ਸਥਾਪਨਾ ਕੀਤੀ ਹੈ। ਇਸ ਸੰਗਠਨ ਦੇ ਜ਼ਰੀਏ ਸੁਖਦੀਪ ਸਿੰਘ ਘੱਟ ਗਿਣਤੀਆਂ ਦੇ ਪ੍ਰਤੀ ਬਹੁਮਤ ਦੇ ਨਜ਼ਰੀਏ ਨੂੰ ਬਦਲਣਾ ਚਾਹੁੰਦੇ ਹਨ ਖ਼ੈਰ ਸੁਖਦੀਪ ਸਿੰਘ ਨੇ ਸਮੁੱਚੀ ਸਿੱਖ ਕੌਮ ਦਾ ਸਿਰ ਉਚਾ ਕੀਤਾ ਹੈ ਜਿਸ ਦੇ ਲਈ ਉਹ ਵਧਾਈ ਦਾ ਪਾਤਰ ਹਨ।