
ਸਹਾਇਕ ਪੁਲਿਸ ਕਮਿਸ਼ਨਰ ਟਰੇਸੀ ਚੈਪਮੈਨ ਨੇ ਦਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
ਕੈਨਬਰਾ : ਆਸਟ੍ਰੇਲੀਆ ਦੇ ਗ੍ਰੇਟਾ ਸ਼ਹਿਰ ਦੇ ਵਾਈਨ ਇਲਾਕੇ 'ਚ ਬੱਸ ਪਲਟਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਸਹਾਇਕ ਪੁਲਿਸ ਕਮਿਸ਼ਨਰ ਟਰੇਸੀ ਚੈਪਮੈਨ ਨੇ ਦਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸੇਸਨੌਕ ਥਾਣੇ ਲਿਜਾਇਆ ਗਿਆ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਉਸ ਨੇ ਡਰਾਈਵਰ 'ਤੇ ਲੱਗੇ ਦੋਸ਼ਾਂ ਬਾਰੇ ਕੁਝ ਨਹੀਂ ਦਸਿਆ। ਹਾਲਾਂਕਿ ਉਸ ਨੇ ਪੱਤਰਕਾਰਾਂ ਨੂੰ ਕਿਹਾ: "ਸਾਡੇ ਕੋਲ ਦੋਸ਼ ਲਗਾਉਣ ਲਈ ਕਾਫ਼ੀ ਜਾਣਕਾਰੀ ਹੈ।"
ਬੱਸ ਦੀਆਂ ਸਵਾਰੀਆਂ ਇੱਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਹੀਆਂ ਸਨ। ਉਨ੍ਹਾਂ ਦਸਿਆ ਕਿ ਇਸ ਹਾਦਸੇ ਵਿਚ 25 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬੱਸ ਵਿਚ ਸਵਾਰ ਹੋਰ 18 ਲੋਕ ਸੁਰੱਖਿਅਤ ਹਨ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਘਟਨਾ ਸਥਾਨ 'ਤੇ ਪਹੁੰਚੇ ਬਚਾਅ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਪੀੜਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਤਾ। ਸੇਸਨਾਕ ਦੇ ਮੇਅਰ ਜੈ ਸੁਵਾਲ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।