
ਜਬਰੀ ਇਸਲਾਮ ਕਬੂਲ ਕਰਵਾ ਕੇ ਪੜ੍ਹਾਇਆ ਨਿਕਾਹ : ਪੀੜਤ ਲੜਕੀ
ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਅਫ਼ਗ਼ਾਨ ਪਸ਼ਤੂਨ ਪ੍ਰਵਾਰ ਵਲੋਂ ਕਥਿਤ ਤੌਰ ’ਤੇ ਅਗਵਾ ਕੀਤੀ ਗਈ ਹਿੰਦੂ ਬੱਚੀ ਨੂੰ ਕਰਾਚੀ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਅਧਿਕਾਰੀ ਮੁਤਾਬਕ ਦੋਸ਼ੀ ਪ੍ਰਵਾਰ ਨੇ ਕਥਿਤ ਤੌਰ 'ਤੇ ਲੜਕੀ ਦਾ ਜ਼ਬਰਦਸਤੀ ਧਰਮ ਪ੍ਰਵਰਤਨ ਕਰਵਾਇਆ ਅਤੇ ਉਸ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਕਰਵਾ ਦਿਤਾ। ਟਾਂਡੋ ਅੱਲ੍ਹਾਯਾਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਸਈਅਦ ਸਲੀਮ ਸ਼ਾਹ ਨੇ ਦਸਿਆ ਕਿ ਰਵੀਨਾ ਮੇਘਵਾਲ (ਕਾਲਪਨਿਕ ਨਾਂਅ) ਨੂੰ ਦੱਖਣੀ ਸਿੰਧ ਦੇ ਟਾਂਡੋ ਅੱਲ੍ਹਾਯਾਰ ਤੋਂ ਅਗਵਾ ਕਰ ਕੇ ਕਰਾਚੀ ਲਿਜਾਇਆ ਗਿਆ ਸੀ।
ਸ਼ਾਹ ਮੁਤਾਬਕ ਲੜਕੀ ਦੇ ਪ੍ਰਵਾਰ ਅਤੇ ਸਿੰਧ ਸੂਬੇ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸੰਗਠਨ ਪਾਕਿਸਤਾਨ ਦੇਹਰਾਵਰ ਇਤੇਹਾਦ (ਪੀ.ਡੀ.ਆਈ.) ਨੇ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ, ''ਮਾਮਲੇ ਦੀ ਜਾਂਚ ਤੋਂ ਬਾਅਦ ਅਸੀਂ ਇਕ ਟੀਮ ਕਰਾਚੀ ਭੇਜੀ ਜਿਥੋਂ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਅਤੇ ਵਾਪਸ ਮੀਰਪੁਰਖਾਸ ਲਿਆਂਦਾ ਗਿਆ।''
ਸ਼ਾਹ ਦੇ ਅਨੁਸਾਰ, ਅਗਵਾ ਕਰਨ ਦੇ ਦੋਸ਼ੀ ਅਫ਼ਗ਼ਾਨ ਪਸ਼ਤੂਨ ਪ੍ਰਵਾਰ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਅਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਸੀ ਅਤੇ ਜਾਮੋ ਖਾਨ ਨਾਮ ਦੇ ਇਕ ਮੁਸਲਮਾਨ ਵਿਅਕਤੀ ਨਾਲ ਵਿਆਹ ਕੀਤਾ ਸੀ।
ਉਨ੍ਹਾਂ ਦਸਿਆ ਕਿ ਜਦੋਂ ਪੀੜਤ ਅਤੇ ਮੁਲਜ਼ਮ ਨੂੰ ਟਾਂਡੋ ਅੱਲ੍ਹਾਯਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਜਾਮੋ ਖ਼ਾਨ ਅਤੇ ਉਸ ਦੇ ਵਕੀਲਾਂ ਨੇ ਵਿਆਹ ਦਾ ਸਰਟੀਫ਼ਿਕੇਟ ਦਿਖਾਇਆ, ਪਰ ਜਦੋਂ ਉਸ (ਜਾਮੋ ਖ਼ਾਨ) ਨੂੰ ਅਪਣਾ ਕੌਮੀ ਪਛਾਣ ਪੱਤਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਤਾਂ ਪਤਾ ਲੱਗਾ ਕਿ ਉਹ ਪਾਕਿਸਤਾਨ ਦਾ ਨਾਗਰਿਕ ਨਹੀਂ ਹੈ ਅਤੇ ਉਸ ਕੋਲ ਅਫ਼ਗ਼ਾਨਿਸਤਾਨ ਦਾ ਪਛਾਣ ਪੱਤਰ ਹੈ।
ਸ਼ਾਹ ਮੁਤਾਬਕ ਮੈਜਿਸਟ੍ਰੇਟ ਸਬਾ ਕਮਰ ਨੇ ਪੀੜਤਾ ਨੂੰ ਮੈਡੀਕਲ ਜਾਂਚ ਤੋਂ ਬਾਅਦ ਸ਼ੈਲਟਰ ਹੋਮ ਭੇਜਣ ਦਾ ਨਿਰਦੇਸ਼ ਦਿਤਾ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਬਿਆਨ ਬਾਅਦ ਵਿਚ ਦਰਜ ਕੀਤੇ ਜਾਣਗੇ। ਸ਼ਾਹ ਅਨੁਸਾਰ ਮੈਜਿਸਟਰੇਟ ਨੇ ਲੜਕੀ ਨੂੰ ਅਦਾਲਤ ਵਿਚ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿਤੀ।
ਲੜਕੀ ਨੇ ਅਦਾਲਤ ਦੀ ਹਦੂਦ ਅੰਦਰ ਮੀਡੀਆ ਨਾਲ ਗਲਬਾਤ ਦੌਰਾਨ ਦਸਿਆ ਕਿ ਉਸ ਨੂੰ ਅਗਵਾ ਕਰ ਕੇ ਕਰਾਚੀ ਦੇ ਇਕ ਘਰ ਵਿਚ ਲਿਜਾਇਆ ਗਿਆ, ਜਿਥੇ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਫਿਰ ਇਕ ਮੌਲਵੀ ਨੇ ਕੁਝ ਗਵਾਹਾਂ ਦੀ ਮੌਜੂਦਗੀ ਵਿਚ ਜਾਮੋ ਖਾਨ ਨਾਲ ਉਸ ਦਾ 'ਨਿਕਾਹ' ਪੜ੍ਹਾਇਆ।
ਪੀ.ਡੀ.ਆਈ. ਨੇ ਮੰਗ ਕੀਤੀ ਹੈ ਕਿ ਜਾਮੋ ਖ਼ਾਨ ਅਤੇ ਉਸ ਦੇ ਸਾਥੀਆਂ ਵਿਰੁੱਧ ਸਿੰਧ ਬਾਲ ਵਿਆਹ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇ। ਸੰਗਠਨ ਨੇ ਕਿਹਾ ਕਿ ‘ਨਿਕਾਹ’ ਕਰਵਾਉਣ ਵਾਲੇ ਮੌਲਵੀ ਅਤੇ ਇਸ ਦੇ ਗਵਾਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।