ਨੇਪਾਲ 'ਚ ਕੌਮੀ ਚੋਣਾਂ ਦੀ ਤਰੀਕ ਦਾ ਐਲਾਨ
Published : Sep 13, 2025, 7:10 pm IST
Updated : Sep 13, 2025, 10:13 pm IST
SHARE ARTICLE
Nepal announces date for national elections
Nepal announces date for national elections

5 ਮਾਰਚ, 2026 ਨੂੰ ਹੋਣਗੀਆਂ ਚੋਣਾਂ

ਕਾਠਮੰਡੂ: ਨੇਪਾਲ ਵਿੱਚ ਕੌਮੀ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਰਾਮਚੰਦਰ ਪੌਡੇਲ ਦੇ ਦਫ਼ਤਰ ਨੇ ਐਲਾਨ ਕੀਤਾ ਹੈ ਕਿ ਅਗਲੀਆਂ ਸੰਸਦੀ ਚੋਣਾਂ 5 ਮਾਰਚ, 2026 ਨੂੰ ਹੋਣਗੀਆਂ। ਇਹ ਫੈਸਲਾ ਨਵ-ਨਿਯੁਕਤ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਦੀ ਸਿਫ਼ਾਰਸ਼ 'ਤੇ ਕੀਤਾ ਗਿਆ। 

ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਦੇ ਦਫ਼ਤਰ ਨੇ ਐਲਾਨ ਕੀਤਾ ਹੈ ਕਿ ਨੇਪਾਲ ’ਚ ਅਗਲੀਆਂ ਲੋਕ ਸਭਾ ਚੋਣਾਂ 5 ਮਾਰਚ ਨੂੰ ਹੋਣਗੀਆਂ। ਰਾਸ਼ਟਰਪਤੀ ਪੌਡੇਲ ਨੇ ਸ਼ੁਕਰਵਾਰ  ਨੂੰ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਦੀ ਸਿਫਾਰਸ਼ ਉਤੇ  ਪ੍ਰਤੀਨਿਧੀ ਸਭਾ ਨੂੰ ਭੰਗ ਕਰਦੇ ਹੋਏ ਇਹ ਐਲਾਨ ਕੀਤਾ।

ਕਲ 73 ਸਾਲ ਦੀ ਸਾਬਕਾ ਚੀਫ ਜਸਟਿਸ ਕਾਰਕੀ ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ ਸੀ, ਜਿਸ ਨਾਲ ਸੋਸ਼ਲ ਮੀਡੀਆ ਉਤੇ  ਪਾਬੰਦੀ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਵਿਰੁਧ  ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਇਸ ਹਫਤੇ ਓਲੀ ਦੇ ਅਚਾਨਕ ਅਸਤੀਫਾ ਦੇਣ ਮਗਰੋਂ ਕਈ ਦਿਨਾਂ ਦੀ ਸਿਆਸੀ ਅਨਿਸ਼ਚਿਤਤਾ ਖਤਮ ਹੋ ਗਈ ਸੀ।

ਓਲੀ ਨੇ ਮੰਗਲਵਾਰ ਨੂੰ ਉਦੋਂ ਅਸਤੀਫਾ ਦੇ ਦਿਤਾ ਸੀ ਜਦੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਉਨ੍ਹਾਂ ਦੇ ਦਫ਼ਤਰ ਵਿਚ ਦਾਖਲ ਹੋਏ ਸਨ। ਸੋਮਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਿਸ ਕਾਰਵਾਈ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਸੀ। ਕਾਰਕੀ ਨੂੰ ਨੇਪਾਲ ਨੂੰ ਸਿਆਸੀ ਸੰਕਟ ’ਚੋਂ ਲੰਘਾਉਣ ਅਤੇ ਨਵੀਆਂ ਚੋਣਾਂ ਦੀ ਨਿਗਰਾਨੀ ਕਰਨ ਲਈ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।  

ਪ੍ਰਧਾਨ ਮੰਤਰੀ ਅਪਣੇ  ਸਹੁੰ ਚੁੱਕ ਸਮਾਗਮ ਤੋਂ ਦੋ ਦਿਨ ਬਾਅਦ ਐਤਵਾਰ ਨੂੰ ਇਕ ਛੋਟੀ ਜਿਹੀ ਕੈਬਨਿਟ ਦਾ ਗਠਨ ਕਰਨਗੇ ਕਿਉਂਕਿ ਸਨਿਚਰਵਾਰ  ਨੂੰ ਦਫਤਰ ਬੰਦ ਹਨ। ਕਰਕੀ ਗ੍ਰਹਿ ਮੰਤਰਾਲੇ, ਵਿਦੇਸ਼ ਮਾਮਲਿਆਂ ਅਤੇ ਰੱਖਿਆ ਸਮੇਤ ਲਗਭਗ ਦੋ ਦਰਜਨ ਮੰਤਰਾਲੇ ਸੰਭਾਲਣਗੇ। ਰਾਸ਼ਟਰਪਤੀ ਦਫ਼ਤਰ ਦੇ ਸੂਤਰਾਂ ਨੇ ਦਸਿਆ  ਕਿ ਪ੍ਰਧਾਨ ਮੰਤਰੀ ਐਤਵਾਰ ਨੂੰ ਅਹੁਦਾ ਸੰਭਾਲਣ ਉਤੇ  ਥੋੜ੍ਹੇ ਜਿਹੇ ਮੰਤਰੀਆਂ ਨੂੰ ਸ਼ਾਮਲ ਕਰ ਕੇ  ਕੈਬਨਿਟ ਦਾ ਗਠਨ ਕਰਨਗੇ। 

ਸਰਕਾਰੀ ਸੂਤਰਾਂ ਮੁਤਾਬਕ ਦੋ ਦਿਨਾਂ ਅੰਦੋਲਨ ਦੌਰਾਨ ਸਿੰਘਦਰਬਾਰ ਸਕੱਤਰੇਤ ’ਚ ਪ੍ਰਧਾਨ ਮੰਤਰੀ ਦਫ਼ਤਰ ਨੂੰ ਅੱਗ ਲਗਾ ਦਿਤੀ  ਗਈ ਸੀ, ਜਿਸ ਕਾਰਨ ਸਿੰਘਦਰਬਾਰ ਕੰਪਲੈਕਸ ’ਚ ਗ੍ਰਹਿ ਮੰਤਰਾਲੇ ਲਈ ਨਵੀਂ ਬਣੀ ਇਮਾਰਤ ਨੂੰ ਪ੍ਰਧਾਨ ਮੰਤਰੀ ਦਫ਼ਤਰ ਲਈ ਤਿਆਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੂੰ ਉੱਥੇ ਤਬਦੀਲ ਕਰਨ ਲਈ ਇਮਾਰਤ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਫਾਈ ਕੀਤੀ ਜਾ ਰਹੀ ਹੈ। 

ਇਸ ਦੌਰਾਨ ਪ੍ਰਧਾਨ ਮੰਤਰੀ ਕਾਰਕੀ ਨੇ ਸਨਿਚਰਵਾਰ  ਨੂੰ ਕਾਠਮੰਡੂ ਦੇ ਬਨੇਸ਼ਵਰ ਇਲਾਕੇ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਅੰਦੋਲਨ ਦੌਰਾਨ ਜ਼ਖਮੀ ਹੋਏ ਦਰਜਨਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ। 

ਨੇਪਾਲ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਅਤੇ ਚੋਟੀ ਦੇ ਵਕੀਲਾਂ ਦੀ ਸੰਸਥਾ ਨੇ ਰਾਸ਼ਟਰਪਤੀ ਦੇ ਸੰਸਦ ਭੰਗ ਕਰਨ ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸ ਕਦਮ ਨੂੰ ‘ਗੈਰ-ਸੰਵਿਧਾਨਕ’, ‘ਮਨਮਾਨੀ’ ਅਤੇ ਲੋਕਤੰਤਰ ਲਈ ਗੰਭੀਰ ਝਟਕਾ ਦਸਿਆ  ਹੈ। ਨੇਪਾਲ ਪੁਲਿਸ ਨੇ ਸ਼ੁਕਰਵਾਰ  ਨੂੰ ਕਿਹਾ ਕਿ ‘ਜਨਰਲ ਜ਼ੈਡ‘ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਵਿਚ ਇਕ  ਭਾਰਤੀ ਨਾਗਰਿਕ ਸਮੇਤ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ। 
ਸੋਸ਼ਲ ਮੀਡੀਆ ਉਤੇ  ਸਰਕਾਰ ਦੀ ਪਾਬੰਦੀ ਦੇ ਵਿਰੁਧ  ਸੋਮਵਾਰ ਨੂੰ ਸ਼ੁਰੂ ਹੋਇਆ ਇਹ ਅੰਦੋਲਨ ਤੇਜ਼ੀ ਨਾਲ ਇਕ  ਵੱਡੀ ਮੁਹਿੰਮ ਵਿਚ ਫੈਲ ਗਿਆ। ਹਾਲਾਂਕਿ ਸੋਸ਼ਲ ਮੀਡੀਆ ਉਤੇ  ਲੱਗੀ ਪਾਬੰਦੀ ਸੋਮਵਾਰ ਰਾਤ ਨੂੰ ਹਟਾ ਦਿਤੀ  ਗਈ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਸੰਸਦ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਨਿਵਾਸ, ਸਰਕਾਰੀ ਇਮਾਰਤਾਂ, ਸਿਆਸੀ ਪਾਰਟੀ ਦੇ ਦਫ਼ਤਰਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਅੱਗ ਲਗਾ ਦਿਤੀ। 

  ਨੇਪਾਲ ਵਿਚ ਪ੍ਰਦਰਸ਼ਨਾਂ ਦੌਰਾਨ ਸੁਪਰੀਮ ਕੋਰਟ ਦੇ ਅਹਿਮ ਨਿਆਂਇਕ ਰੀਕਾਰਡ ਹੋਏ ਤਬਾਹ

ਕਾਠਮੰਡੂ : ਨੇਪਾਲ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਾਲ ਹੀ ’ਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ’ਚ ਦੇਸ਼ ਦੇ ਨਿਆਂਇਕ ਇਤਿਹਾਸ ਦਾ ਹਿੱਸਾ ਬਣਨ ਵਾਲੇ ਅਹਿਮ ਦਸਤਾਵੇਜ਼ ਲਗਭਗ ਨਸ਼ਟ ਹੋ ਗਏ ਹਨ। ਚੀਫ਼ ਜਸਟਿਸ ਪ੍ਰਕਾਸ਼ਮਨ ਸਿੰਘ ਰਾਉਤ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ,‘‘ਅਸੀਂ ਹਰ ਹਾਲਤ ’ਚ ਨਿਆਂ ਦੇ ਰਾਹ ਉਤੇ ਦ੍ਰਿੜ੍ਹ ਹਾਂ।’’ ਮਾਈ ਰਿਪਬਲਿਕਾ ਨਿਊਜ਼ ਪੋਰਟਲ ਨੇ ਸਨਿਚਰਵਾਰ  ਨੂੰ ਕਿਹਾ, ‘‘ਅਸੀਂ ਨਾਗਰਿਕਾਂ ਦੀਆਂ ਨਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਜਲਦੀ ਤੋਂ ਜਲਦੀ ਅਦਾਲਤੀ ਕਾਰਵਾਈਆਂ ਨੂੰ ਮੁੜ ਸ਼ੁਰੂ ਕਰਨ ਦਾ ਵਾਅਦਾ ਕਰਦੇ ਹਾਂ।’’ ਚੀਫ਼ ਜਸਟਿਸ ਨੇ ਦੇਸ਼ ਭਰ ਵਿਚ ਫੈਲੀ ਜਨਰਲ ਜ਼ੈਡ ਲਹਿਰ ਦੌਰਾਨ ਅੱਗਜ਼ਨੀ, ਪੱਥਰਬਾਜ਼ੀ, ਭੰਨਤੋੜ ਅਤੇ ਲੁੱਟਮਾਰ ਕਾਰਨ ਅਦਾਲਤੀ ਇਮਾਰਤਾਂ ਨੂੰ ਹੋਏ ਨੁਕਸਾਨ ਉਤੇ  ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਨੇਪਾਲ ਦੇ ਨਿਆਂਇਕ ਇਤਿਹਾਸ ਦੇ ਅਹਿਮ ਦਸਤਾਵੇਜ਼ ਹਿੰਸਾ ’ਚ ਲਗਭਗ ਤਬਾਹ ਹੋ ਗਏ ਹਨ। ਰਾਉਤ ਨੇ ਹਿੰਸਾ ’ਚ ਨੇਪਾਲੀ ਨਾਗਰਿਕਾਂ ਦੀ ਮੌਤ ਉਤੇ  ਦੁੱਖ ਪ੍ਰਗਟ ਕੀਤਾ ਅਤੇ ਦੁਖੀ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। 

ਕਾਠਮੰਡੂ ਘਾਟੀ ਅਤੇ ਨੇਪਾਲ ਦੇ ਹੋਰ ਹਿੱਸਿਆਂ ਤੋਂ ਕਰਫਿਊ ਖ਼ਤਮ

ਕਾਠਮੰਡੂ : ਕਾਠਮੰਡੂ ਘਾਟੀ ਅਤੇ ਨੇਪਾਲ ਦੇ ਹੋਰ ਹਿੱਸਿਆਂ ’ਚ ਲਗਾਏ ਗਏ ਕਰਫਿਊ ਅਤੇ ਪਾਬੰਦੀਆਂ ਦੇ ਹੁਕਮਾਂ ਨੂੰ ਸਨਿਚਰਵਾਰ  ਨੂੰ ਹਟਾ ਦਿਤਾ ਹੈ। ਨੇਪਾਲ ਫੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਸਨਿਚਰਵਾਰ  ਨੂੰ ਕੋਈ ਪਾਬੰਦੀ ਜਾਂ ਕਰਫਿਊ ਨਹੀਂ ਹੈ। ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ, ਸਬਜ਼ੀ ਬਾਜ਼ਾਰ ਅਤੇ ਸ਼ਾਪਿੰਗ ਮਾਲ ਕਈ ਦਿਨਾਂ ਦੇ ਬੰਦ ਰਹਿਣ ਤੋਂ ਬਾਅਦ ਦੁਬਾਰਾ ਖੁੱਲ੍ਹ ਗਏ, ਜਦਕਿ  ਟ੍ਰੈਫਿਕ ਸੜਕਾਂ ਉਤੇ  ਵਾਪਸ ਆਉਣਾ ਸ਼ੁਰੂ ਹੋ ਗਿਆ। ਹਿੰਸਕ ਪ੍ਰਦਰਸ਼ਨਾਂ ਦੀ ਤਾਜ਼ਾ ਲਹਿਰ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਭੰਨਤੋੜ ਕੀਤੀਆਂ ਗਈਆਂ ਅਤੇ ਅੱਗ ਲਗਾ ਦਿਤੀਆਂ ਗਈਆਂ ਮੁੱਖ ਸਰਕਾਰੀ ਇਮਾਰਤਾਂ ਸਮੇਤ ਕਈ ਥਾਵਾਂ ਉਤੇ ਸਫਾਈ ਮੁਹਿੰਮ ਚਲਾਈ ਗਈ। ਓਲੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨੇਪਾਲੀ ਫੌਜ ਨੇ ਸੁਰੱਖਿਆ ਸਥਿਤੀ ਨੂੰ ਅਪਣੇ  ਹੱਥ ਵਿਚ ਲੈ ਲਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement