
ਮਰਿਅਮ ਥ੍ਰੇਸੀਆ ਸਦੀਆਂ ਪੁਰਾਣੀ ਸੰਸਥਾ ਵਿਚ ਉੱਚੇ ਅਹੁਦੇ ਤਕ ਪਹੁੰਚਣ ਵਾਲੀ ਕੇਰਲ ਦੀ ਚੌਥੀ ਸ਼ਖ਼ਸ ਬਣੀ।
ਵੈਟੀਕਨ ਸਿਟੀ : ਪੋਪ ਫ੍ਰਾਂਸਿਸ ਨੇ ਭਾਰਤੀ ਨਨ ਮਰਿਅਮ ਥ੍ਰੇਸੀਆ ਨੂੰ ਵੈਟੀਕਨ ਸਿਟੀ ਵਿਚ ਐਤਵਾਰ ਨੂੰ ਆਯੋਜਤ ਇਕ ਪ੍ਰੋਗਰਾਮ ਵਿਚ ਸੰਤ ਐਲਾਨਿਆ। ਇਸ ਪ੍ਰੋਗਰਾਮ ਵਿਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਵੀ ਸ਼ਾਮਲ ਹੋਏ। ਮਈ 2014 ਵਿਚ 'ਕੌਨਗ੍ਰੀਗੇਸ਼ਨ ਆਫ਼ ਦਾ ਸਿਸਟਰਜ਼ ਆਫ਼ ਦੀ ਹੋਲੀ ਫ਼ੈਮਿਲੀ' (ਸੀ.ਐਚ.ਐਫ.) ਦੀ ਸੰਸਥਾਪਕ ਮਰਿਅਮ ਥ੍ਰੇਸੀਆ ਨੂੰ ਰੋਮ ਦੇ ਸੈਂਟ ਪੀਟਰਸਬਰਗ ਸਕਵਾਇਰ ਵਿਚ ਪਵਿੱਤਰ 'ਯੂਕੇਰਿਸਟਿਕ ਸੈਲੀਬ੍ਰੇਸ਼ਨ' ਸਮਾਗਮ ਦੌਰਾਨ ਸੰਤ ਐਲਾਨਿਆ ਗਿਆ। ਕੇਰਲ ਦੀ ਨਨ ਦੇ ਨਾਲ ਹੀ ਬ੍ਰਿਟਿਸ਼ ਕਾਰਡੀਨਲ ਜੌਨ ਹੇਨਰੀ ਨਿਊਮੈਨ, ਸਵਿਸ ਲੇਵੀਮੇਨ ਮਾਰਗਰੇਟ ਬੇਜ, ਬ੍ਰਾਜ਼ੀਲ ਦੀ ਸਿਸਟਰ ਡੁਲਜ਼ ਲੋਪਸ ਅਤੇ ਇਤਾਲਵੀ ਸਿਸਟਰ ਗਿਸੇਪਿਨਾ ਵਾਨੀਨਿ ਨੂੰ ਵੀ ਸੰਤ ਦੀ ਉਪਾਧੀ ਨਾਲ ਨਵਾਜ਼ਿਆ ਗਿਆ।
Kerala nun Sister Mariam Thresia declared Saints by Pope Francis
ਉਹ ਇਸ ਸਦੀਆਂ ਪੁਰਾਣੀ ਸੰਸਥਾ ਵਿਚ ਉੱਚੇ ਅਹੁਦੇ ਤਕ ਪਹੁੰਚਣ ਵਾਲੀ ਕੇਰਲ ਦੀ ਚੌਥੀ ਵਿਅਕਤੀ ਬਣ ਗਈ ਹੈ। ਮਰਿਅਮ ਥ੍ਰੇਸੀਆ ਨੂੰ ਉਨ੍ਹਾਂ ਦੇ ਜੀਵਨ ਦੇ ਅੱਧੇ ਸਮੇਂ ਤਕ ਸਿਰਫ ਥ੍ਰੇਸੀਆ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ। ਇਹ ਨਾਮ ਉਨ੍ਹਾਂ ਨੂੰ 3 ਮਈ, 1876 ਨੂੰ ਨਾਮਕਰਨ ਸੰਸਕਾਰ ਦੌਰਾਨ ਦਿਤਾ ਗਿਆ। 1904 ਵਿਚ ਉਹ ਚਾਹੁੰਦੀ ਸੀ ਕਿ ਉਨ੍ਹਾਂ ਨੂੰ ਮਰਿਅਮ ਥ੍ਰੇਸੀਆ ਬੁਲਾਇਆ ਜਾਵੇ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਕ ਸੁਪਨੇ ਵਿਚ ਅਸ਼ੀਰਵਾਦ ਪ੍ਰਾਪਤ ਵਰਜਿਨ ਮੇਰੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਵਿਚ 'ਮਰਿਅਮ' ਸ਼ਬਦ ਜੋੜਨ ਲਈ ਕਿਹਾ ਸੀ।
Kerala nun Sister Mariam Thresia declared Saints by Pope Francis
ਚਰਚ ਨੇ ਉਨ੍ਹਾਂ ਨੂੰ ਇਕ ਅਸਧਾਰਨ ਪਵਿੱਤਰ ਵਿਅਕਤੀ ਐਲਾਨ ਕੀਤਾ। ਵੈਟੀਕਨ ਨਿਊਜ਼ ਮੁਤਾਬਕ,''ਯੀਸ਼ੂ ਦੀ ਨਕਲ ਕਰਦਿਆਂ ਉਨ੍ਹਾਂ ਨੇ ਗਰੀਬਾਂ ਦੀ ਮਦਦ ਕੀਤੀ, ਬੀਮਾਰਾਂ ਦੀ ਸੇਵਾ ਕੀਤੀ ਅਤੇ ਇਕੱਲੇ ਪਏ ਲੋਕਾਂ ਦਾ ਦਰਦ ਦੂਰ ਕੀਤਾ। ਉਨ੍ਹਾਂ ਨੇ ਦੁਨੀਆ ਦੇ ਪਾਪ ਮਿਟਾਉਣ ਲਈ ਖੁਦ ਦੁਖ ਝੱਲਿਆ।'' ਜ਼ਿਕਰਯੋਗ ਹੈ ਕਿ ਸਿਸਟਰ ਥ੍ਰੇਸੀਆ ਦਾ 8 ਜੂਨ, 1926 ਨੂੰ 50 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਵੈਟੀਕਨ ਸਿਟੀ ਦੇ ਸਮਾਗਮ ਵਿਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਪੀ.ਐੱਮ. ਨਰਿੰਦਰ ਮੋਦੀ ਨੇ 29 ਸਤੰਬਰ ਨੂੰ ਆਪਣੇ 'ਮਨ ਕੀ ਬਾਤ' ਪ੍ਰੋਗਰਾਮ ਵਿਚ ਸਿਸਟਰ ਮਰਿਅਮ ਥ੍ਰੇਸੀਆ ਦਾ ਜ਼ਿਕਰ ਕੀਤਾ ਸੀ।
Kerala nun Sister Mariam Thresia declared Saints by Pope Francis
ਉਨ੍ਹਾਂ ਨੇ ਕਿਹਾ ਸੀ ਕਿ 13 ਅਕਤੂਬਰ ਨੂੰ ਪੋਪ ਫ੍ਰਾਂਸਿਸ ਉਨ੍ਹਾਂ ਨੂੰ ਸੰਤ ਐਲਾਨ ਕਰਨਗੇ, ਜੋ ਹਰੇਕ ਭਾਰਤੀ ਲਈ ਮਾਣ ਦੀ ਗੱਲ ਹੈ। ਮੋਦੀ ਨੇ ਕਿਹਾ ਸੀ,''ਸਿਸਟਰ ਥ੍ਰੇਸੀਆ ਨੇ 50 ਸਾਲ ਦੇ ਆਪਣੇ ਛੋਟੇ ਜਿਹੇ ਜੀਵਨਕਾਲ ਵਿਚ ਮਨੁੱਖਤਾ ਦੀ ਭਲਾਈ ਲਈ ਜਿਹੜੇ ਕੰਮ ਕੀਤੇ, ਉਹ ਪੂਰੀ ਦੁਨੀਆ ਲਈ ਮਿਸਾਲ ਹਨ। ਸਿਸਟਰ ਥ੍ਰੇਸੀਆ ਨੇ ਜਿਹੜੀ ਵੀ ਕੰਮ ਲਏ ਉਨ੍ਹਾਂ ਨੂੰ ਲਗਨ ਅਤੇ ਪੂਰੇ ਸਮਰਪਣ ਨਾਲ ਪੂਰਾ ਕੀਤਾ।'' ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਨਾਲ ਉਨ੍ਹਾਂ ਨੂੰ ਅਦਭੁੱਤ ਲਗਾਓ ਸੀ। ਸਿਸਟਰ ਥ੍ਰੇਸੀਆ ਨੇ ਕਈ ਸਕੂਲ, ਹੋਸਟਲ ਅਤੇ ਯਤੀਮਖਾਨੇ ਬਣਵਾਏ।