ਆਸਿਫ ਵਿਲੀਅਮ ਰਹਿਮਾਨ ’ਤੇ ਪਿਛਲੇ ਹਫਤੇ ਵਰਜੀਨੀਆ ਦੀ ਇਕ ਅਦਾਲਤ ਵਿਚ ਜਾਣਬੁਝ ਕੇ ਕੌਮੀ ਸੁਰੱਖਿਆ ਜਾਣਕਾਰੀ ਫੈਲਾਉਣ ਦੇ ਦੋ ਦੋਸ਼ ਲਗਾਏ ਗਏ ਸਨ
ਵਾਸ਼ਿੰਗਟਨ : ਅਮਰੀਕਾ ਦੀ ਇਕ ਅਦਾਲਤ ’ਚ ਦਾਇਰ ਮੁਕੱਦਮੇ ਮੁਤਾਬਕ ਈਰਾਨ ’ਤੇ ਹਮਲਾ ਕਰਨ ਦੀ ਇਜ਼ਰਾਈਲ ਦੀ ਪਿਛਲੀ ਯੋਜਨਾ ਦਾ ਮੁਲਾਂਕਣ ਕਰਨ ਵਾਲੀ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਸੰਘੀ ਸਰਕਾਰ ਦੇ ਇਕ ਅਧਿਕਾਰੀ ’ਤੇ ਦੋਸ਼ ਲਗਾਇਆ ਗਿਆ ਹੈ। ਇਸ ਮੁਲਾਜ਼ਮ ਦੀ ਪਛਾਣ ਆਸਿਫ ਵਿਲੀਅਮ ਰਹਿਮਾਨ ਵਜੋਂ ਹੋਈ ਹੈ, ਜਿਸ ਨੂੰ ਇਸ ਹਫਤੇ ਕੰਬੋਡੀਆ ਵਿਚ ਸੰਘੀ ਜਾਂਚ ਏਜੰਸੀ (FBI) ਨੇ ਗ੍ਰਿਫਤਾਰ ਕੀਤਾ ਸੀ। ਉਹ ਗੁਆਮ ’ਚ ਪਹਿਲੀ ਵਾਰ ਅਦਾਲਤ ’ਚ ਪੇਸ਼ ਹੋਣ ਵਾਲਾ ਹੈ।
ਰਹਿਮਾਨ ’ਤੇ ਪਿਛਲੇ ਹਫਤੇ ਵਰਜੀਨੀਆ ਦੀ ਇਕ ਅਦਾਲਤ ਵਿਚ ਜਾਣਬੁਝ ਕੇ ਕੌਮੀ ਸੁਰੱਖਿਆ ਜਾਣਕਾਰੀ ਫੈਲਾਉਣ ਦੇ ਦੋ ਦੋਸ਼ ਲਗਾਏ ਗਏ ਸਨ। ਇਹ ਅਮਰੀਕੀ ਕਾਨੂੰਨ ਦੇ ਤਹਿਤ ਗੰਭੀਰ ਦੋਸ਼ ਹਨ ਅਤੇ ਉਨ੍ਹਾਂ ਨੂੰ ਲੰਮੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਹ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਕਿ ਰਹਿਮਾਨ ਨੇ ਅਪਣਾ ਕੇਸ ਲੜਨ ਲਈ ਕਿਸੇ ਵਕੀਲ ਦੀ ਨਿਯੁਕਤੀ ਕੀਤੀ ਸੀ ਜਾਂ ਨਹੀਂ ਅਤੇ ਉਹ ਕਿਸ ਸੰਘੀ ਏਜੰਸੀ ਨਾਲ ਕੰਮ ਕਰਦਾ ਸੀ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਉਸ ਕੋਲ ਉੱਚ ਪੱਧਰੀ ਖੁਫੀਆ ਜਾਣਕਾਰੀ ਤਕ ਪਹੁੰਚ ਸੀ।
ਰਹਿਮਾਨ ਵਿਰੁਧ ਦੋਸ਼ ਕੌਮੀ ਭੂ-ਸਥਾਨਿਕ ਖੁਫੀਆ ਏਜੰਸੀ ਅਤੇ ਕੌਮੀ ਸੁਰੱਖਿਆ ਏਜੰਸੀ ਨਾਲ ਜੁੜੇ ਦਸਤਾਵੇਜ਼ਾਂ ’ਤੇ ਅਧਾਰਤ ਹਨ ਜੋ ਪਿਛਲੇ ਮਹੀਨੇ ਟੈਲੀਗ੍ਰਾਮ ਮੈਸੇਜਿੰਗ ਐਪ ਚੈਨਲ ’ਤੇ ਪ੍ਰਸਾਰਿਤ ਕੀਤੇ ਜਾ ਰਹੇ ਸਨ। ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਜੇ ਵੀ ਈਰਾਨ ਦੇ 1 ਅਕਤੂਬਰ ਦੇ ਬੈਲਿਸਟਿਕ ਮਿਜ਼ਾਈਲ ਹਮਲੇ ਦਾ ਜਵਾਬ ਦੇਣ ਲਈ ਫੌਜੀ ਸਾਜ਼ੋ-ਸਾਮਾਨ ਤਾਇਨਾਤ ਕਰ ਰਿਹਾ ਹੈ।
ਇਜ਼ਰਾਈਲ ਨੇ ਅਕਤੂਬਰ ਦੇ ਅਖੀਰ ਵਿਚ ਈਰਾਨ ਦੇ ਕਈ ਟਿਕਾਣਿਆਂ ’ਤੇ ਜਵਾਬੀ ਕਾਰਵਾਈ ਕੀਤੀ ਸੀ। ਲੀਕ ਹੋਏ ਦਸਤਾਵੇਜ਼ਾਂ ਨੂੰ ਸਿਰਫ ‘ਫਾਈਵ ਆਈਜ਼‘ ਵਿਚਕਾਰ ਸਾਂਝਾ ਕੀਤਾ ਜਾ ਸਕਦਾ ਹੈ। ਫਾਈਵ ਆਈਜ਼ ਅਮਰੀਕਾ, ਬਰਤਾਨੀਆਂ, ਕੈਨੇਡਾ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦਾ ਸਮੂਹ ਹੈ ਜੋ ਖੁਫੀਆ ਜਾਣਕਾਰੀ ਸਾਂਝੀ ਕਰਦਾ ਹੈ। ਨਿਊਯਾਰਕ ਟਾਈਮਜ਼ ਅਖਬਾਰ ਨੇ ਸੱਭ ਤੋਂ ਪਹਿਲਾਂ ਰਹਿਮਾਨ ਦੀ ਗ੍ਰਿਫਤਾਰੀ ਦੀ ਖਬਰ ਦਿਤੀ ਸੀ।