ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨਮ ਨੂੰ ਇਕ ਹਫ਼ਤੇ ਦੇ ਅੰਦਰ 2,940 ਕਰੋਡ਼ ਰੁਪਏ ...
ਇਸਲਾਮਾਬਾਦ : (ਪੀਟੀਆਈ) ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨਮ ਨੂੰ ਇਕ ਹਫ਼ਤੇ ਦੇ ਅੰਦਰ 2,940 ਕਰੋਡ਼ ਰੁਪਏ ਟੈਕਸ ਅਤੇ ਜੁਰਮਾਨੇ ਦੇ ਰੂਪ ਵਿਚ ਜਮ੍ਹਾਂ ਕਰਾਉਣ ਦਾ ਆਦੇਸ਼ ਦਿਤਾ। ਅਦਾਲਤ ਨੇ ਵਿਦੇਸ਼ ਵਿਚ ਜਾਇਦਾਦ ਰੱਖਣ ਦੇ ਇਕ ਮਾਮਲੇ ਵਿਚ ਇਹ ਆਦੇਸ਼ ਦਿਤਾ।
ਸੰਯੁਕਤ ਅਰਬ ਅਮੀਰਾਤ ਵਿਚ ਜਾਇਦਾਦ ਰੱਖਣ ਵਾਲੇ ਰਾਜਨੀਤਿਕ ਰਸੂਖ ਵਾਲੇ 44 ਵਿਅਕਤੀਆਂ ਦੇ ਵਿਰੁਧ ਇਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਖਾਨਮ ਜੇਕਰ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਨਹੀਂ ਕਰਦੀ ਹੈ ਤਾਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ।ਫੈਡਰਲ ਬੋਰਡ ਆਫ਼ ਰੈਵੇਨਿਊ (ਐਫਬੀਆਰ) ਨੇ ਅਦਾਲਤ ਨੂੰ ਕਿਹਾ ਕਿ ਖਾਨਮ ਉਤੇ 2,940 ਕਰੋਡ਼ ਰੁਪਏ ਦਾ ਜੁਰਮਾਨਾ ਅਤੇ ਟੈਕਸ ਲਗਾਇਆ ਗਿਆ ਹੈ।
ਉਨ੍ਹਾਂ ਦੀ ਪਹਿਚਾਣ ਜਾਇਦਾਦ ਦੇ ਗ਼ੈਰਅਧਿਕਾਰਤ ਮਾਲਕ ਦੇ ਰੂਪ ਵਿਚ ਹੋਈ ਹੈ। ਅਪਣੇ ਵਕੀਲ ਨਾਲ ਅਦਾਲਤ ਵਿਚ ਪੇਸ਼ ਹੋਈ ਖਾਨਮ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ 2008 ਵਿਚ 3,70,000 ਡਾਲਰ ਵਿਚ ਜਾਇਦਾਦ ਖਰੀਦੀ ਸੀ, ਜਿਸ ਨੂੰ ਉਨ੍ਹਾਂ ਨੇ 2017 ਵਿਚ ਵੇਚ ਦਿਤਾ ਸੀ। ਇਸ ਤੋਂ ਪਹਿਲਾਂ ਦੀ ਸੁਣਵਾਈ ਵਿਚ ਐਫਬੀਆਰ ਨੇ ਅਦਾਲਤ ਨੂੰ ਖਾਨਮ ਦੀ ਜਾਇਦਾਦ ਅਤੇ ਟੈਕਸ ਵੇਰਵਾ ਦਿਤਾ ਸੀ।