
ਮੱਧ ਪਛਮੀ ਅਮਰੀਕਾ 'ਚ ਤੂਫ਼ਾਨ ਕਾਰਨ ਕਈ ਸੜਕ ਹਾਦਸੇ ਵਾਪਰੇ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ.........
ਸ਼ਿਕਾਗੋ : ਮੱਧ ਪਛਮੀ ਅਮਰੀਕਾ 'ਚ ਤੂਫ਼ਾਨ ਕਾਰਨ ਕਈ ਸੜਕ ਹਾਦਸੇ ਵਾਪਰੇ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਤਫ਼ਾਨ ਕਾਰਨ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਨੂੰ ਆਵਾਜਾਈ ਸਮੇਂ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਦਸਿਆ ਕਿ ਬਰਫ਼ ਨਾਲ ਲੱਦੀਆਂ ਸੜਕਾਂ 'ਤੇ ਆਵਾਜਾਈ ਬਹੁਤ ਖ਼ਰਾਬ ਹੋ ਰਹੀ ਹੈ ਅਤੇ ਹਾਦਸੇ ਵਾਪਰ ਰਹੇ ਹਨ। ਮੌਸਮ ਖ਼ਰਾਬ ਹੋਣ ਕਾਰਨ ਲੈਮਬਰਟ ਕੌਮਾਂਤਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਰਦ ਕਰ ਦਿਤੀਆਂ ਗਈਆਂ ਹਨ।
ਸਨਿਚਰਵਾਰ ਦੁਪਹਿਰ ਤਕ ਅਧਿਕਾਰੀਆਂ ਨੂੰ 3000 ਤੋਂ ਵਧੇਰੇ ਲੋਕਾਂ ਨੇ ਮਦਦ ਮੰਗਣ ਲਈ ਫੋਨ ਕੀਤੇ, ਜਿਨ੍ਹਾਂ 'ਚੋਂ 700 ਲੋਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ ਸਨ ਅਤੇ 1300 ਲੋਕਾਂ ਦੇ ਵਾਹਨ ਸੜਕਾਂ 'ਤੇ ਫਸ ਗਏ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹੋਏ। ਸੂਬੇ ਮਿਸੌਰੀ 'ਚ ਲਗਭਗ 12,000 ਘਰਾਂ ਅਤੇ ਵਪਾਰਕ ਦਫ਼ਤਰਾਂ 'ਚ ਬਿਜਲੀ ਗੁੱਲ ਰਹੀ, ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਰਹੇ।
ਅਮਰੀਕਾ ਦੇ ਤੀਜੇ ਵੱਡੇ ਸ਼ਹਿਰ ਸ਼ਿਕਾਗੋ 'ਚ ਵੀ ਮੌਸਮ ਖਰਾਬ ਹੋਣ ਦੀ ਚਿਤਾਵਨੀ ਜਾਰੀ ਕਰ ਦਿਤੀ ਗਈ ਹੈ। ਮੌਸਮ ਅਧਿਕਾਰੀਆਂ ਨੇ ਦਸਿਆ ਕਿ ਸ਼ੁਕਰਵਾਰ ਨੂੰ ਬਰਫੀਲਾ ਤੂਫਾਨ ਕੰਸਾਸ ਅਤੇ ਨੈਬਰਾਸਕਾ ਤੋਂ ਹੁੰਦਾ ਹੋਇਆ ਮਿਸੌਰੀ, ਲੋਵਾ , ਇਲੀਨੋਇਸ ਅਤੇ ਇੰਡੀਆਨਾ ਵੱਲ ਵਧਿਆ। ਮੌਸਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫਾਨ ਕਾਰਨ ਵਾਸ਼ਿੰਗਟਨ ਡੀ. ਸੀ. ਅਤੇ ਇਸ ਨਾਲ ਲੱਗਦੇ ਕਈ ਇਲਾਕਿਆਂ 'ਚ 3 ਤੋਂ 6 ਇੰਚ ਤਕ ਬਰਫਬਾਰੀ ਹੋਣ ਦੀ ਉਮੀਦ ਹੈ। (ਏਜੰਸੀਆਂ)