
ਭਾਰਤ ਅਤੇ ਅਫ਼ਗਾਨਿਸਤਾਨ ਦੇ ਨਾਲ ਪੰਜ ਮੱਧ ਏਸ਼ਿਆਈ ਦੇਸ਼ਾਂ ਨੇ ਐਤਵਾਰ ਨੂੰ ਅਤਿਵਾਦ ਦੀ ਨਿੰਦਿਆ ਕੀਤੀ......
ਸਮਰਕੰਦ : ਭਾਰਤ ਅਤੇ ਅਫ਼ਗਾਨਿਸਤਾਨ ਦੇ ਨਾਲ ਪੰਜ ਮੱਧ ਏਸ਼ਿਆਈ ਦੇਸ਼ਾਂ ਨੇ ਐਤਵਾਰ ਨੂੰ ਅਤਿਵਾਦ ਦੀ ਨਿੰਦਿਆ ਕੀਤੀ ਅਤੇ ਇਸ ਤੋਂ ਨਿਪਟਣ ਲਈ ਸਹਿਯੋਗ ਤੇ ਸਹਿਮਤੀ ਜਤਾਈ। ਇਹ ਗੱਲ ਇਥੇ ਆਯੋਜਿਤ ਹੋਈ ਭਾਰਤ-ਮੱਧ ਏਸ਼ੀਆ ਗੱਲਬਾਤ ਦੀ ਪਹਿਲੀ ਮੀਟਿੰਗ ਦੇ ਸਮਾਪਨ ਦੌਰਾਨ ਜਾਰੀ ਇਕ ਬਿਆਨ 'ਚ ਕਹੀ ਗਈ। ਇਸ ਮੀਟਿੰਗ ਵਿਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਫ਼ਗਾਨਿਸਤਾਨ, ਕਜਾਕਿਸਤਾਨ, ਕਿਰਗਿਜ ਗਣਰਾਜ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਭਾਗ ਲਿਆ।
ਇਸ ਮੌਕੇ ਭਾਰਤ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੇ ਆਰਥਿਕ ਮੁੜਵਸੇਬੇ ਤੇ ਯੁੱਧਗ੍ਰਸਤ ਖੇਤਰ 'ਚ ਅਫ਼ਗਾਨ ਨੀਤ, ਅਫ਼ਗਾਨ ਓਨਰਸ਼ਿਪ ਤੇ ਅਫ਼ਗਾਨ ਕੰਟਰੋਲਡ ਸ਼ਾਂਤੀ ਤੇ ਤਾਲਮੇਲ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਇਥੇ ਇਤਿਹਾਸਿਕ ਭਾਰਤ-ਮੱਧ ਏਸ਼ੀਆ ਗੱਲਬਾਤ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਦੇ ਪੱਖ ਨੂੰ ਰੱਖਿਆ, ਜੋ ਅਤਿਵਾਦ ਕਾਰਨ ਬਰਬਾਦ ਦੇਸ਼ਾਂ ਤੱਕ ਸੰਪਰਕ ਵਧਾਉਣ ਦੇ ਨਾਲ ਹੀ ਵੱਖ-ਵੱਖ ਖੇਤਰੀ ਮੁੱਦਿਆਂ 'ਤੇ ਧਿਆਨ ਦਿੰਦਾ ਹੈ। ਸਵਰਾਜ ਨੇ ਗੱਲਬਾਤ ਦੇ ਪਹਿਲੇ ਪੱਧਰ 'ਚ ਕਿਹਾ ਕਿ ਮੈਂ ਖਾਸ ਕਰਕੇ ਇਹ ਦੱਸਣਾ ਚਾਹੁੰਦੀ ਹਾਂ
ਕਿ ਸਾਡਾ ਖੇਤਰ ਅਤਿਵਾਦ ਦੇ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਭਾਰਤ, ਮੱਧ ਏਸ਼ੀਆ ਤੇ ਅਫ਼ਗਾਨਿਸਤਾਨ ਮਿਸ਼ਰਿਤ ਸਮਾਜ ਹਨ। ਅਤਿਵਾਦੀ ਜਿਸ ਨਫ਼ਰਤ ਦੀ ਵਿਚਾਰਧਾਰਾ ਨੂੰ ਪ੍ਰਸਾਰਿਤ ਕਰਨਾ ਚਾਹੁੰਦੇ ਹਨ, ਉਸ ਦੀ ਸਾਡੇ ਸਮਾਜ 'ਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਪੁੱਛਣ ਦੀ ਲੋੜ ਹੈ ਕਿ ਇਹ ਅਤਿਵਾਦੀ ਕੌਣ ਹਨ, ਉਨ੍ਹਾਂ ਦੀ ਆਰਥਿਕ ਮਦਦ ਕੌਣ ਕਰ ਰਿਹਾ ਹੈ, ਉਨ੍ਹਾਂ ਦੀ ਫੰਡਿੰਗ ਕਿਵੇਂ ਹੁੰਦੀ ਹੈ, ਕੌਣ ਇਨ੍ਹਾਂ ਦੀ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ ਤੇ ਕੌਣ ਇਸ ਨੂੰ ਪ੍ਰਾਯੋਜਿਤ ਕਰ ਰਿਹਾ ਹੈ?
ਭਾਰਤ ਅਫ਼ਗਾਨਿਸਤਾਨ ਨੂੰ ਮੁੜਵਸੇਬੇ, ਸਮਰਥਾ ਨਿਰਮਾਣ, ਮਨੁੱਖੀ ਸੰਸਾਧਨ ਵਿਕਾਸ ਤੇ ਸੰਪਰਕ 'ਤੇ ਕੇਂਦਰਿਤ ਵਿਕਾਸ ਕਾਰਜਾਂ ਲਈ ਕਰੀਬ ਤਿੰਨ ਅਰਬ ਡਾਲਰ ਦੀ ਆਰਥਿਕ ਮਦਦ ਦੇ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਸਤੰਬਰ 2017 'ਚ ਸ਼ੁਰੂ ਕੀਤੀ ਗਈ ਨਵੀਂ ਵਿਕਾਸ ਸਾਂਝੇਦਾਰੀ ਦੇ ਤਹਿਤ ਕਾਬੁਲ ਸ਼ਹਿਰ 'ਚ ਸ਼ਹਿਤੂਤ ਬੰਨ੍ਹ ਪਰਿਯੋਜਨਾ, ਨੰਗਰਹਾਰ ਸੂਬੇ 'ਚ ਘੱਟ ਲਾਗਤ 'ਚ ਰਿਹਾਇਸ਼, 116 ਮੈਂਬਰੀ ਭਾਈਚਾਰਕ ਵਿਕਾਸ ਪਰਿਯੋਜਨਾਵਾਂ ਤੇ ਬੁਨਿਆਦੀ ਢਾਂਚਿਆਂ ਦੀਆਂ ਕਈ ਹੋਰ ਪਰਿਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ।
ਸਵਰਾਜ ਨੇ ਦਸਿਆ ਕਿ ਭਾਰਤ ਚੇ ਮੱਧ ਏਸ਼ੀਆਈ ਦੇਸ਼ਾਂ ਵਿਚਾਲੇ ਇਕ ਵਿਕਾਸਸ਼ੀਲ ਸਾਂਝੇਦਾਰੀ ਨੂੰ ਅੱਗੇ ਲੈ ਜਾਣ ਲਈ ਭਾਰਤ ਨੇ ਭਾਰਤ-ਮੱਧ ਏਸ਼ੀਆ ਵਿਕਾਸ ਸਮੂਹ ਦੇ ਗਠਨ ਦਾ ਪ੍ਰਸਤਾਵ ਦਿਤਾ ਹੈ। ਐਤਵਾਰ ਨੂੰ ਸੁਸ਼ਮਾ ਸਵਰਾਜ ਨੇ ਤੁਰਕਮੇਨਿਸਤਾਨ ਦੇ ਵਿਦੇਸ਼ ਮੰਤਰੀ ਰਸਿਤ ਮੇਰੇਡੋ ਨਾਲ ਮੁਲਾਕਾਤ ਕੀਤੀ ਤੇ ਵੱਖ-ਵੱਖ ਖੇਤਰਾਂ 'ਚ ਦੋ-ਪੱਖੀ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ।
ਭਾਰਤ ਤੁਰਕਮੇਨਿਸਤਾਨ ਨਾਲ ਕਰੀਬੀ, ਦੋਸਤਾਨਾ ਤੇ ਇਤਿਹਾਸਿਕ ਸਬੰਧ ਰੱਖਣਾ ਚਾਹੁੰਦਾ ਹੈ ਤੇ ਦੋਵੇਂ ਦੇਸ਼ ਟੀ.ਏ.ਰੀ.ਆਈ. ਪਾਈਪਲਾਈਨ ਪਰਿਯੋਜਨਾ ਦੇ ਹਿੱਸੇ ਹਨ। ਇਸ ਪਰਿਯੋਜਨਾ ਨਾਲ ਭਾਰਤ ਤੇ ਪਾਕਿਸਤਾਨ ਦੀ ਵਧਦੀ ਅਰਥਵਿਵਸਥਾ ਨੂੰ ਸਾਫ ਈਂਧਨ ਮਿਲੇਗਾ। ਨਾਲ ਹੀ ਭਾਰਤ ਨੂੰ ਊਰਜਾ ਦੇ ਖੇਤਰ 'ਚ ਵੀ ਲਾਭ ਹੋਵੇਗਾ। (ਪੀਟੀਆਈ)