
ਕੁਵੈਤ ਤੋਂ ਭੱਜੀ ਸਾਊਦੀ ਅਰਬ ਦੀ 18 ਸਾਲ ਦੀ ਰਾਹਫ ਮੁਹੰਮਦ ਅਲ ਕੁਨੂਨ ਨੂੰ ਕੈਨੇਡਾ ਨੇ ਸ਼ਰਣ ਦਿਤੀ ਹੈ........
ਟੋਰਾਂਟੋ : ਕੁਵੈਤ ਤੋਂ ਭੱਜੀ ਸਾਊਦੀ ਅਰਬ ਦੀ 18 ਸਾਲ ਦੀ ਰਾਹਫ ਮੁਹੰਮਦ ਅਲ ਕੁਨੂਨ ਨੂੰ ਕੈਨੇਡਾ ਨੇ ਸ਼ਰਣ ਦਿਤੀ ਹੈ। ਸਨਿਚਰਵਾਰ ਨੂੰ ਟੋਰਾਂਟੋ ਕੌਮਾਂਤਰੀ ਏਅਰਪੋਰਟ 'ਤੇ ਰਾਹਫ ਨੂੰ ਲੈਣ ਲਈ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟਿਆ ਫਰੀਲੈਂਡ ਪੁੱਜੀ। ਉਨ੍ਹਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਉਸ ਨੂੰ ਬਹਾਦਰ ਕੈਨੇਡੀਅਨ ਕਹਿ ਕੇ ਬੁਲਾਇਆ। ਜ਼ਿਕਰਯੋਗ ਕਿ ਉਸ ਨੇ ਅਪਣਾ ਧਰਮ ਇਸਲਾਮ ਛੱਡ ਦਿਤਾ ਸੀ ਅਤੇ ਉਸ ਨੂੰ ਕੁਵੈਤ ਤੋਂ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਦੌਰਾਨ ਬੈਂਕਾਕ ਤੋਂ ਹਿਰਾਸਤ 'ਚ ਲੈ ਲਿਆ ਗਿਆ ਸੀ। ਹਵਾਈ ਅੱਡਾ ਪ੍ਰਸ਼ਾਸ਼ਨ ਉਸ ਨੂੰ ਮੁੜ ਸਾਊਦੀ ਅਰਬ ਭੇਜਣ ਦੀ ਤਿਆਰੀ 'ਚ ਸੀ।
ਇਸ ਦੌਰਾਨ ਉਸ ਨੇ ਅਪਣੇ-ਆਪ ਨੂੰ ਇਕ ਕਮਰੇ 'ਚ ਬੰਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਸੀ ਕਿ ਉਸ ਨੂੰ ਆਸਟ੍ਰੇਲੀਆ ਸ਼ਰਣ ਦੇਵੇ ਕਿਉਂਕਿ ਉਹ ਵਾਪਸ ਸਾਊਦੀ ਅਰਬ ਨਹੀਂ ਜਾਣਾ ਚਾਹੁੰਦੀ। ਉਸ ਨੇ ਕਿਹਾ ਕਿ ਜੇਕਰ ਉਹ ਸਾਊਦੀ ਅਰਬ ਵਾਪਸ ਗਈ ਤਾਂ ਉਸ ਨੂੰ ਮਾਰ ਦਿਤਾ ਜਾਵੇਗਾ। ਇਸ ਮਗਰੋਂ ਹਿਊਮਨ ਰਾਈਟਸ ਵਾਚ ਦੀ ਅਪੀਲ 'ਤੇ ਥਾਈਲੈਂਡ ਨੇ ਰਾਹਫ ਨੂੰ ਵਾਪਸ ਨਾ ਭੇਜਣ ਦਾ ਫੈਸਲਾ ਲਿਆ। ਸੰਗਠਨ ਦਾ ਕਹਿਣਾ ਸੀ ਕਿ ਸਾਊਦੀ ਤੋਂ ਭੱਜੀਆਂ ਕੁੜੀਆਂ ਨੂੰ ਅਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਅਜਿਹਾ ਕਦਮ ਨਹੀਂ ਚੁੱਕਣਾ ਚਾਹੁੰਦੇ।
ਥਾਈਲੈਂਡ ਨੇ ਰਾਹਫ ਨੂੰ ਸੰਯੁਕਤ ਰਾਸ਼ਟਰ ਸ਼ਰਣਾਰਥੀ ਦੀ ਸ਼ਰਣ 'ਚ ਭੇਜਿਆ ਸੀ। ਇਥੇ ਕੈਨੇਡਾ ਉਸ ਨੂੰ ਸ਼ਰਣ ਦੇਣ ਲਈ ਤਿਆਰ ਹੋ ਗਿਆ। ਸ਼ੁਕਰਵਾਰ ਨੂੰ ਉਸ ਨੂੰ ਕੈਨੇਡਾ ਲਈ ਰਵਾਨਾ ਕਰ ਦਿਤਾ ਗਿਆ। ਰਾਹਫ ਨੇ ਦਸਿਆ ਕਿ ਪਹਿਲਾਂ ਉਹ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਪਰ ਦਸਤਾਵੇਜ਼ੀ ਕਾਰਵਾਈ ਅਤੇ ਦੂਜੇ ਕੰਮਾਂ 'ਚ ਵਧੇਰੇ ਸਮਾਂ ਲੱਗਣਾ ਸੀ, ਇਸੇ ਕਾਰਨ ਉਸ ਨੇ ਕੈਨੇਡਾ 'ਚ ਸ਼ਰਣ ਲੈਣਾ ਠੀਕ ਸਮਝਿਆ। (ਪੀਟੀਆਈ)