
Modi in US: ਪੁਲਾੜ, ਗਤੀਸ਼ੀਲਤਾ, ਤਕਨਾਲੋਜੀ ਅਤੇ ਨਵੀਨਤਾ ਵਰਗੇ ਵੱਖ-ਵੱਖ ਮੁੱਦਿਆਂ ’ਤੇ ਕੀਤੀ ਚਰਚਾ
Modi in US: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਅਮਰੀਕੀ ਦੌਰੇ ਦੌਰਾਨ ਵਾਸ਼ਿੰਗਟਨ ਡੀਸੀ ਵਿਚ ਬਲੇਅਰ ਹਾਊਸ ’ਚ ਟੇਸਲਾ ਦੇ ਸੀਈਓ ਐਲਨ ਮਸਕ ਨਾਲ ਮੁਲਾਕਾਤ ਕੀਤੀ। ਮਸਕ ਅਪਣੇ ਪਰਵਾਰ ਨਾਲ ਪੀਐਮ ਮੋਦੀ ਨੂੰ ਮਿਲਣ ਪਹੁੰਚੇ ਸਨ। ਇਸ ਅਹਿਮ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਮਸਕ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਅਸੀਂ ਪੁਲਾੜ, ਗਤੀਸ਼ੀਲਤਾ, ਤਕਨਾਲੋਜੀ ਅਤੇ ਨਵੀਨਤਾ ਵਰਗੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਪੀਐਮ ਮੋਦੀ ਨੇ ਮਸਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਵੀ ਮੁਲਾਕਾਤ ਕੀਤੀ ਸੀ।
ਐਲਨ ਮਸਕ ਨਾਲ ਮੁਲਾਕਾਤ ਕਰਨ ਤੋਂ ਬਾਅਦ, ਪੀਐਮ ਮੋਦੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਵਾਸ਼ਿੰਗਟਨ ਡੀਸੀ ਵਿਚ ਅਸੀਂ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ, ਜਿਨ੍ਹਾਂ ਵਿਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਹੈ, ਜਿਵੇਂ ਕਿ ਪੁਲਾੜ, ਗਤੀਸ਼ੀਲਤਾ, ਤਕਨਾਲੋਜੀ ਅਤੇ ਨਵੀਨਤਾ। ਮੈਂ ਭਾਰਤ ਵਿਚ ਸੁਧਾਰਾਂ ਅਤੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਮਾਈਕਲ ਵਾਲਟਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਭਾਰਤ ਦੇ ਐਨਐਸਏ ਅਜੀਤ ਡੋਭਾਲ ਵੀ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਟਵਿੱਟਰ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "NSA@michaelgwaltz ਨਾਲ ਸਾਰਥਕ ਮੁਲਾਕਾਤ ਹੋਈ। ਉਹ ਹਮੇਸ਼ਾ ਭਾਰਤ ਦੇ ਬਹੁਤ ਚੰਗੇ ਦੋਸਤ ਰਹੇ ਹਨ। ਰਖਿਆ, ਤਕਨਾਲੋਜੀ ਅਤੇ ਸੁਰੱਖਿਆ ਭਾਰਤ-ਅਮਰੀਕਾ ਸਬੰਧਾਂ ਦੇ ਮਹੱਤਵਪੂਰਨ ਪਹਿਲੂ ਹਨ ਅਤੇ ਅਸੀਂ ਇਨ੍ਹਾਂ ਮੁੱਦਿਆਂ ’ਤੇ ਸ਼ਾਨਦਾਰ ਚਰਚਾ ਕੀਤੀ ਹੈ। ਏਆਈ, ਸੈਮੀਕੰਡਕਟਰ, ਪੁਲਾੜ ਅਤੇ ਹੋਰ ਖੇਤਰਾਂ ਵਿਚ ਸਹਿਯੋਗ ਦੀ ਮਜ਼ਬੂਤ ਸੰਭਾਵਨਾ ਹੈ।’’